ਝੰਡੇ, ਬੁੰਗੇ
ਝੰਡੇ, ਬੁੰਗੇ
ਚੌਂਕੀਆਂ, ਝੰਡੇ, ਬੁੰਗੇ ਜੁਗੋ-ਜੁਗ ਅਟੱਲ ਪੰਥ ਦੀ ਸ਼ਾਨ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਬਣੇ ਬੁੰਗੇ
ਬੁੰਗਾ ਜਾਂ ਬੁੰਗਹ ਫ਼ਾਰਸੀ ਦਾ ਪਦ ਹੈੈ, ਜਿਸ ਦਾ ਅਰਥ ਹੈ ਅਸਥਾਨ, ਰਹਿਣ ਦੀ ਥਾਂ। ਇਸੇ ਹੀ ਪਦ ਤੋਂ ਅਕਾਲ ਬੁੰਗਾ ਅਤੇ ਸ਼ਹੀਦ ਬੁੰਗਾ ਆਦਿ ਪਦ ਬਣੇ। ਇੱਕ ਲਿਖਾਰੀ ਲੁਗਾਤ ਕਿਸ਼ੋਰੀ ਅਨੁਸਾਰ ਬੁੰਗਾ ਉਸ ਅਸਥਾਨ ਨੂੰ ਵੀ ਕਿਹਾ ਜਾਂਦਾ ਹੈ ਜਿਸ ਜਗ੍ਹਾ ਨਕਦੀ ਤੇ ਜਿਨਸ ਆਦਿ ਰੱਖੀ ਜਾਵੇ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਅਤੇ ਘੋੜਿਆਂ ਅਤੇ ਯਾਤਰੂਆਂ ਦੇ ਰਹਿਣ ਦੀ ਥਾਂ ਅਤੇ ਉਨ੍ਹਾਂ ਦੇ ਅਸਬਾਬ ਰੱਖਣ ਦੀ ਜਗ੍ਹਾ ਨੂੰ ਵੀ ਬੁੰਗਾ ਹੀ ਕਹਿੰਦੇ ਹਨ।
ਸ੍ਰੀ ਹਰਿਮੰਦਰ ਸਾਹਬਿ, ਅੰਮ੍ਰਿਤਸਰ ਵਿਖੇ ਬਣੇ ਬੁੰਗੇ ਵਿਸ਼ਵ ਪ੍ਰਸਿੱਧ ਹਨ ਅਤੇ ਸਿੱਖ ਇਤਿਹਾਸ ਵਿੱਚ ਇਨ੍ਹਾਂ ਦਾ ਬਹੁਤ ਮਹੱਤਵ ਹੈ। ਆਓ ਇਸ ਲੇਖ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੁਆਲੇ ਬਣੇ ਬੁੰਗਿਆਂ ਬਾਰੇ ਜਾਣਕਾਰੀ ਹਾਸਲ ਕਰੀਏ।
ਸਭ ਤੋਂ ਪੁਰਾਣੀ ਉਰਦੂ ਦੀ ਪੁਸਤਕ “ਤਵਾਰੀਖ ਦਰਬਾਰ ਸਾਹਿਬ ਯਾਨੀ ਹਰਿਮੰਦਰ ਸਾਹਿਬ ਵਾਕਿਆ ਅੰਮ੍ਰਿਤਸਰ ਵ ਸ਼ਹਿਰ” ਵਿੱਚ ਬੁੰਗਿਆਂ ਦੀ ਗਿਣਤੀ 86 ਦਿੱਤੀ ਗਈ ਹੈ। ਪਰ ਦਰਬਾਰ ਸਾਹਿਬ ਕਮੇਟੀ ਵੱਲੋਂ ਸੰਨ 1930-31 ਈਸਵੀ ਵਿੱਚ ਛਪੀ “ਰਿਪੋਟ ਸ੍ਰੀ ਦਰਬਾਰ ਸਾਹਿਬ” ਵਿੱਚ 71 ਬੁੰਗੇ ਲਿਖੇ ਹਨ ਅਤੇ ਅੰਤ ’ਚ ਇਹ ਨੋਟ ਦਿੱਤਾ ਹੈ ਕਿ ਅਸਲ ਵਿੱਚ ਬੁੰਗਿਆਂ ਦੀ ਗਿਣਤੀ 84 ਪ੍ਰਸਿੱਧ ਹੈ ਪਰ ਸਮੇਂ ਦੇ ਚੱਕਰ ਨਾਲ ਕਈ ਬੁੰਗੇ ਇੱਕ ਦੂਜੇ ਵਿੱਚ ਸ਼ਾਮਲ ਹੋ ਜਾਣ ਨਾਲ ਗਿਣਤੀ ਘਟ ਗਈ ਹੈ। ਕਬਜ਼ੇ ਬਦਲਣ ਨਾਲ ਵੀ ਕਈ ਬੁੰਗਿਆਂ ਦੇ ਨਾਮ ਬਦਲ ਗਏ ਹਨ। ਗਿਆਨੀ ਗਿਆਨ ਸਿੰਘ ਨੇ ਆਪਣੀ ਪੁਸਤਕ ‘ਤਵਾਰੀਖ ਅੰਮ੍ਰਿਤਸਰ’ ਵਿੱਚ ਬੁੰਗਿਆਂ ਦੀ ਗਿਣਤੀ 69 ਦੱਸੀ ਹੈ।
ਸ੍ਰੀ ਹਰਿਮੰਦਰ ਸਾਹਿਬ, ਸਰੋਵਰ, ਪ੍ਰਕਰਮਾ ਤੇ ਬੁੰਗਿਆਂ ਅਤੇ ਸਾਰੇ ਸ਼ਹਿਰ ਅੰਮ੍ਰਿਤਸਰ ਦੀ ਜ਼ਮੀਨ ਸ੍ਰੀ ਗੁਰੂ ਅਮਰਦਾਸ ਜੀ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਇਰਦ-ਗਿਰਦ ਦੇ ਪਿੰਡਾਂ ਦੇ ਜ਼ਿੰਮੀਂਦਾਰਾਂ ਪਾਸੋਂ ਮੁੱਲ ਖਰੀਦੀ ਸੀ, ਜਿਸ ਕਰਕੇ ਸ਼ਹਿਰ ਦੀ ਕੁੱਲ ਜ਼ਮੀਨ ਦੀ ਮਾਲਕੀ ਗੁਰੂ ਘਰ ਦੀ ਸੀ। ਜਦ ਸ੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ ਤਾਂ ਸਰੋਵਰ ਵਿਚੋਂ ਨਿਕਲੀ ਸਾਰੀ ਮਿੱਟੀ ਪ੍ਰਕਰਮਾਂ ਤੋਂ ਬਾਹਰ ਚਾਰ-ਚੁਫੇਰੇ ਸੁਟਵਾ ਦਿੱਤੀ। ਕਾਰ-ਸੇਵਾ ਤੇ ਦਰਸ਼ਨ ਹਿੱਤ ਆਈਆਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰ ਲਈ ਗੁਰੂ ਸਾਹਿਬ ਨੇ ਸਰੋਵਰ ਦੀ ਪ੍ਰਕਰਮਾ ਦੇ ਬਾਹਰਵਾਰ ਆਲੇ-ਦੁਆਲੇ ਛੱਪਰੀਆਂ ਅਤੇ ਮਕਾਨ ਬਣਵਾਏ। ਬਾਅਦ ਵਿੱਚ ਛੱਪਰੀਆਂ ਦੇ ਥਾਂ ਕੁਝ ਕੱਚੇ ਮਕਾਨ ਬਣਾਏ ਤੇ ਬਾਅਦ ਵਿੱਚ ਕੱਚੇ ਮਕਾਨਾਂ ਦੇ ਥਾਂ ਪੱਕੇ ਮਕਾਨ ਬਣ ਗਏ, ਜਿਨ੍ਹਾਂ ਵਿੱਚ ਦੀਵਾਲੀ ਤੇ ਵੈਸਾਖੀ ਦੇ ਸਲਾਨਾ ਤੇ ਮੱਸਿਆ, ਪੁੰਨਿਆਂ, ਸੰਗਰਾਂਦ ਦੇ ਮਾਹਵਾਰੀ ਜੋੜ ਮੇਲਿਆਂ ਸਮੇਂ ਸੰਗਤਾਂ ਦੇ ਲੰਗਰ ਤੇ ਅਰਾਮ ਦਾ ਪ੍ਰਬੰਧ ਹੁੰਦਾ ਰਿਹਾ, ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਾਰੂਦ ਨਾਲ ਉੱਡਾ ਦਿੱਤਾ, ਸਰੋਵਰ ਮਿੱਟੀ ਨਾਲ ਭਰ ਦਿੱਤਾ ਤਾਂ ਇਹ ਮਕਾਨ ਵੀ ਢਾਹ ਦਿੱਤੇ ਗਏ।
ਅੰਮ੍ਰਿਤਸਰ ਦਾ ਪਹਿਲਾ ਬੁੰਗਾ
ਸ੍ਰੀ ਅਕਾਲ ਤਖਤ ਸਾਹਿਬ ਦਾ ਸਭ ਤੋਂ ਪਹਿਲਾ ਨਾਂ ਅਕਾਲ ਬੁੰਗਾ ਸੀ, ਜਿਹੜਾ ਸਿੱਖ ਧਰਮ ਦੇ ਤਖਤਾਂ ਵਿਚੋਂ ਸ਼੍ਰੋਮਣੀ ਤਖਤ ਹੈ। ਇਸਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਾਂ ਦੀਆਂ ਰਾਜਸੀ ਸਰਗਰਮੀਆਂ ਦੇ ਕੇਂਦਰ ਵਜੋਂ 1608 ਵਿੱਚ ਸਥਾਪਤ ਕੀਤਾ ਸੀ।
ਅਬਦਾਲੀ ਦੇ ਹਮਲੇ ਤੋਂ ਬਾਅਦ ਸਿੱਖ ਮਿਸਲਾਂ ਦੇ ਸਮੇਂ ਜਦ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨਵੇਂ ਸਿਰਿਓਂ ਉਸਾਰੀ ਗਈ ਤੇ ਸਰੋਵਰ ਦੀ ਮੁਰੰਮਤ ਕੀਤੀ ਗਈ ਤਾਂ ਮਿਸਲਾਂ ਦੇ ਮੁਖੀਆਂ ਨੇ ਬੁੰਗਿਆਂ ਦੀਆਂ ਨਵੀਆਂ ਪੱਕੀਆਂ ਇਮਾਰਤਾਂ ਬਣਾਉਣੀਆਂ ਆਰੰਭ ਕੀਤੀਆਂ। ਜਦੋਂ ਸਿੱਖ ਰਿਆਸਤਾਂ ਕਾਇਮ ਹੋਈਆਂ ਤਾਂ ਸਿੱਖ ਰਾਜਿਆਂ ਨੇ ਗੁਰੂ-ਘਰ ਦੀ ਸੇਵਾ ਸਮਝ ਕੇ ਸੰਗਤਾਂ ਦੇ ਆਰਾਮ ਵਾਸਤੇ ਪੱਕੇ ਬੁੰਗੇ ਬਣਵਾਏ। ਇਨ੍ਹਾਂ ਦੀ ਦੇਖਾ-ਦੇਖੀ ਹੋਰ ਕਈ ਸਰਦਾਰਾਂ, ਇਲਾਕਿਆਂ, ਨਗਰਾਂ ਦੀਆਂ ਸੰਗਤਾਂ ਨੇ ਗੁਰੂ ਕੀਆਂ ਖੁਸ਼ੀਆਂ ਲੈਣ ਲਈ ਬੁੰਗਿਆਂ ਦੀ ਸੇਵਾ ਕਰਵਾਈ। ਬੁੰਗਿਆਂ ਦੇ ਨਾਮ ਸਿੱਖ ਸਰਦਾਰਾਂ, ਰਾਜੇ ਮਹਾਰਾਜਿਆਂ, ਮਿਸਲਾਂ, ਇਲਾਕਿਆਂ ਤੇ ਨਗਰਾਂ ਦੇ ਨਾਮ ’ਤੇ ਪ੍ਰਸਿੱਧ ਹੋਏ।
ਗਿਆਨੀਆਂ ਦੇ ਬੁੰਗਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ, ਅਰਥ ਤੇ ਵਿਆਖਿਆ ਦੀ ਸਿਖਲਾਈ ਦਿੱਤੀ ਜਾਂਦੀ ਸੀ। ਰਾਗੀਆਂ ਦੇ ਬੁੰਗਿਆਂ ਵਿੱਚ ਗੁਰਮਤਿ ਸੰਗੀਤ ਤੇ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਜਦਕਿ ਅਕਾਲੀਆਂ ਦੇ ਬੁੰਗਿਆਂ ’ਚ ਸ਼ਸਤ੍ਰ ਵਿੱਦਿਆ ਦਾ ਅਭਿਆਸ ਕਰਵਾਇਆ ਜਾਂਦਾ ਸੀ। ਇਸ ਤੋਂ ਇਲਾਵਾ ਹਰ ਬੁੰਗੇ ਵਿੱਚ ਯਾਤਰੂਆਂ ਦੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਵੀ ਸੀ।
ਬੁੰਗਿਆਂ ਨੂੰ ਗੁਰਦੁਆਰੇ ਦਾ ਹਿੱਸਾ ਹੀ ਸਮਝਿਆ ਜਾਂਦਾ ਰਿਹਾ ਹੈ। ਆਮ ਸਿੱਖ ਸੰਗਤ ਤੋਂ ਇਲਾਵਾ ਮਿਸਲਾਂ ਦੇ ਸਮੇਂ ਸਿੱਖ ਸਰਦਾਰ ਆਪਣੇ ਜੰਗੀ ਸਵਾਰਾਂ ਸਮੇਤ ਜਦ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਲਈ ਆਉਂਦੇ ਸਨ ਤਾਂ ਇਨ੍ਹਾਂ ਬੁੰਗਿਆਂ ਵਿੱਚ ਹੀ ਠਹਿਰਦੇ ਸਨ। ਹਰ ਇੱਕ ਬੁੰਗੇ ਵਿੱਚ ਇੱਕ ਬੁੰਗਈ ਹੁੰਦਾ ਸੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਅਤੇ ਬੁੰਗੇ ਆਦਿ ਸੀ ਸਫ਼ਾਈ ਅਤੇ ਆਏ ਗਏ ਯਾਤਰੂਆਂ ਦੀ ਸੇਵਾ ਕਰਦਾ ਹੁੰਦਾ ਸੀ।
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਦ ਕੋਈ ਸਿੱਖ ਸਰਦਾਰ ਜਾਂ ਰਾਜਾ ਮਹਾਰਾਜਾ ਆਉਂਦਾ ਤਾਂ ਉਹ ਬੁੰਗਿਆਂ ਦੀ ਟਹਿਲ ਸੇਵਾ ਦੇ ਬਦਲੇ ਸਰਬਰਾਹ ਸ੍ਰੀ ਦਰਬਾਰ ਸਾਹਿਬ ਨੂੰ ਕੁਝ ਮਾਇਆ ਤੇ ਮਿਠਾਈ ਦੇ ਜਾਂਦਾ ਸੀ, ਅੱਗੋਂ ਸਰਬਰਾਹ ਸਾਰੇ ਬੁੰਗਈਆਂ ਨੂੰ ਵੰਡ ਦੇਂਦਾ ਸੀ। ਵੱਡੇ-ਵੱਡੇ ਬੁੰਗਿਆਂ ਦੀ ਮੁਰੰਮਤ ਲਈ ਸ੍ਰੀ ਦਰਬਾਰ ਸਾਹਿਬ ਵੱਲੋਂ ਰੁਜ਼ੀਨਾ ਅਤੇ ਅਕਾਲ ਤਖਤ ਸਾਹਿਬ ਵੱਲੋਂ ਨਾਵਾਂ ਮਿਲਦਾ ਹੁੰਦਾ ਸੀ। ਸਰਬਰਾਹ ਵੱਲੋਂ ਬੁੰਗਿਆਂ ਦੀ ਸਫ਼ਾਈ, ਸਫ਼ੈਦੀ ਤੇ ਮੁਰੰਮਤ ਕਰਨ ਬਾਰੇ ਅਤੇ ਬੁੰਗਿਆਂ ਵਿੱਚ ਬਦਮਾਸ਼ੀ ਜਾਂ ਹੋਰ ਕੋਈ ਮਾੜਾ ਕਰਮ ਨਾ ਕਰਨ ਬਾਰੇ ਹੁਕਮ ਨਿਕਲਦੇ ਹੁੰਦੇ ਸਨ, ਪਰ ਜਿਸ ਤਰਾਂ ਸਿੱਖ ਰਾਜ ਦੇ ਜਾਣ ਤੋਂ ਬਾਅਦ ਅੰਗਰੇਜ਼ ਰਾਜ ਆ ਜਾਣ ’ਤੇ ਗੁਰਦੁਆਰਿਆਂ ਦਾ ਪ੍ਰਬੰਧ ਬਹੁਤ ਢਿੱਲਾ ਹੋ ਗਿਆ, ਓਸੇ ਤਰਾਂ ਬੁੰਗਿਆਂ ਦਾ ਪ੍ਰਬੰਧ ਵੀ ਕੋਈ ਤਸੱਲੀ-ਬਖਸ਼ ਨਾ ਰਿਹਾ। ਬੁੰਗਿਆਂ ਵਿੱਚ ਚੋਰੀਆਂ, ਬਦਮਾਸ਼ੀਆਂ ਅਤੇ ਸਿੱਖ ਧਰਮ ਦੇ ਵਿਰੁੱਧ ਪ੍ਰਚਾਰ ਦੇ ਕੰਮ ਹੋਣ ਲੱਗ ਪਏ। ਜਿਸ ਦੇ ਸੁਧਾਰ ਹਿੱਤ ਤੇ ਗੁਰਦੁਆਰਿਆਂ ਵਿੱਚ ਪੰਥਕ ਪ੍ਰਬੰਧ ਲਿਆਉਣ ਲਈ ਅਕਾਲੀ ਲਹਿਰ ਦਾ ਜਨਮ ਹੋਇਆ। ਪੰਥਕ ਪ੍ਰਬੰਧ ਆ ਜਾਣ ਨਾਲ ਬੁੰਗਿਆਂ ਵਿਚੋਂ ਬਦਮਾਸ਼ੀਆਂ ਤੇ ਕੁਰੀਤੀਆਂ ਦੂਰ ਹੋ ਗਈਆਂ। ਕਾਰ-ਸੇਵਾ ਅਤੇ ਮੋਰਚਿਆਂ ਦੇ ਦਿਨਾਂ ਵਿੱਚ ਸੰਗਤਾਂ ਤੇ ਅਕਾਲੀ ਜਥੇ ਇਨ੍ਹਾਂ ਬੁੰਗਿਆਂ ਵਿੱਚ ਹੀ ਰਹਿੰਦੇ ਸਨ।
ਸੰਨ 1925 ਵਿੱਚ ਗੁਰਦੁਆਰਾ ਐਕਟ ਬਣਨ ਬਾਅਦ ਕਮੇਟੀ ਨੇ ਜਦ ਬੁੰਗਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਜਾਇਦਾਦ ਵਿੱਚ ਦਰਜ ਕਰ ਦਿੱਤਾ ਤਾਂ ਬੁੰਗਈਆਂ, ਪਿੰਡਾਂ ਤੇ ਇਲਾਕਿਆਂ ਵਾਲਿਆਂ ਨੇ ਆਪਣੀ ਮਲਕੀਅਤ ਦੱਸ ਕੇ ਸਿੱਖ ਗੁਰਦੁਆਰਾ ਟ੍ਰਿਬਿਊਨਲ ਲਾਹੌਰ ਵਿੱਚ ਦਾਅਵੇ ਦਾਇਰ ਕਰ ਦਿੱਤੇ। ਸਰਕਾਰ ਅੰਗਰੇਜ਼ੀ ਬੁੰਗਈਆਂ ਦੇ ਹੱਲ ਵਿੱਚ ਅਦਾਲਤੀ ਫੈਸਲੇ ਕਰਵਾਉਣ ਲੱਗੀ ਤਾਂ ਕਮੇਟੀ ਨੇ ਇਸ ਪੰਥਕ ਜਾਇਦਾਦ ਨੂੰ ਖੁਰਦ-ਬੁਰਦ ਹੋਣੋਂ ਬਚਾਉਣ ਲਈ ਬੁੰਗਈਆਂ ਨਾਲ ਕੁਝ ਸ਼ਰਤਾਂ ਤਹਿਤ ਸਮਝੌਤੇ ਕਰ ਲਏ। ਉਹ ਸਮੌਝਤੇ ਹੇਠ ਲਿਖੇ ਸਨ।
1. ਇਹ ਬੁੰਗਾ ਯਾਤਰੂਆਂ ਸ੍ਰੀ ਦਰਬਾਰ ਸਾਹਿਬ ਲਈ ਵਕਫ਼ ਹੈ, ਇਸਦੀ ਜਾਇਦਾਦ ਨੂੰ ਕੋਈ ਗਹਿਣੇ ਜਾਂ ਬੈਅ ਨਹੀਂ ਕਰ ਸਕਦਾ।
2. ਇਸ ਦਾ ਪ੍ਰਬੰਧ ਬੁੰਗੇ ਦੇ ਬਾਨੀਆਂ ਦੀ ਉਲਾਦ ਪਾਸ ਨਸਲਨ ਬਾਅਦ ਨਸਲ ਉਦੋਂ ਤੱਕ ਰਹੇਗਾ ਜਦ ਤੱਕ ਉਹ ਸਿੱਖ ਰਹਿਣਗੇ। ਸਰਬਰਾਹੀ ਵੀ ਉਹ ਆਪ ਕਰਨਗੇ ਅਤੇ ਬੁੰਗਈ ਵੀ ਓਹੋ ਮੁਕੱਰਰ ਕਰਨਗੇ, ਜੋ ਅੰਮ੍ਰਿਤਧਾਰੀ ਸਿੱਖ ਹੋਵੇ।
3. ਬੁੰਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਸਫਾਈ ਆਦਿ ਕਰੇਗਾ, ਬੁੰਗੇ ਵਿੱਚ ਸਿੱਖ ਧਰਮ ਦੇ ਖਿਲਾਫ ਕੋਈ ਕੰਮ ਨਹੀਂ ਹੋਣ ਦੇਵੇਗਾ। ਯਾਤਰੂਆਂ ਨੂੰ ਉਤਾਰੇਗਾ, ਪਰ ਉਨ੍ਹਾਂ ਪਾਸੋਂ ਕੋਈ ਕਿਰਾਇਆ ਆਦਿ ਨਹੀਂ ਲਏਗਾ।
4. ਬੁੰਗਈ ਬਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕੋਈ ਸ਼ਿਕਾਇਤ ਕਰੇ ਤਾਂ ਪ੍ਰਬੰਧਕ ਪੁਰਾਣੇ ਬੁੰਗਈ ਨੂੰ ਹਟਾ ਕੇ ਨਵਾਂ ਬੁੰਗਈ ਰੱਖਣਗੇ।
5. ਪ੍ਰਕਾਰਮਾ ਵਾਲੇ ਪਾਸੇ ਕੋਈ ਨਵੀਂ ਤਬਦੀਲੀ ਗੁਰਦੁਆਰਾ ਕਮੇਟੀ ਦੀ ਆਗਿਆ ਤੋਂ ਬਿਨਾਂ ਨਹੀਂ ਕਰ ਸਕਣਗੇ।
ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਬੁੰਗਿਆਂ ਦੀ ਗਿਣਤੀ
ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਆਪਣੀ ਪੁਸਤਕ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਵਿੱਚ ਬੁੰਗਿਆਂ ਦੀ ਗਿਣਤੀ 69 ਲਿਖਦੇ ਹਨ ਜਦਕਿ ਕਰਮ ਸਿੰਘ ਹਸਿਟੋਰੳਿਨ ਆਪਣੀ ਪੁਸਤਕ ‘ਤਵਾਰੀਖ ਅੰਮ੍ਰਿਤਸਰ’ ਵਿੱਚ 73 ਦੱਸਦੇ ਹਨ। ਉਨ੍ਹਾਂ ਬੁੰਗਿਆਂ ਦਾ ਦਿਸ਼ਾਵਾਰ ਵੇਰਵਾ ਹੇਠ ਲਿਖੇ ਅਨੁਸਾਰ ਦਿੰਦੇ ਹਨ।
ਚੜ੍ਹਦੇ ਪਾਸੇ ਦੇ ਬੁੰਗੇ
1. ਬੁੰਗਾ ਅਖਾੜਾ ਬ੍ਰਹਮ ਬੂਟਾ
2. ਬੁੰਗਾ ਰਾਮ ਸਿੰਘ ਗਿਆਨੀ
3. ਬੁੰਗਾ ਰਾਮਗੜ੍ਹੀਆ
4. ਬੁੰਗਾ ਬੂੜੀਏ ਵਾਲੇ ਸਰਦਾਰਾਂ ਦਾ
5. ਬੁੰਗਾ ਜੇਠੂਵਾਲੀਆਂ
6. ਬੁੰਗਾ ਮਜ਼ਹਬੀ ਸਿੰਘਾਂ
7. ਬੁੰਗਾ ਭਾਈ ਵਸਤੀ ਰਾਮ
8. ਬੁੰਗਾ ਜਵਾਲਾ ਸਿੰਘ ਭੜਾਣੀਆਂ
9. ਬੁੰਗਾ ਸੰਤ ਜੋਗਾ ਸਿੰਘ ਨਿਰਮਲਾ
10. ਬੁੰਗਾ ਟੇਕ ਸਿੰਘ ਵਾਲਾ
ਦੱਖਣੀ ਪਾਸੇ ਦੇ ਬੁੰਗੇ
1. ਬੁੰਗਾ ਸਰਦਾਰਾਂ ਸੋਹਲਾਂ ਵਾਲੀਏ
2. ਬੁੰਗਾ ਬੁੱਧ ਸਿੰਘ ਵਾਲਾ
3. ਬੁੰਗਾ ਸੋਹੀਆਂ ਵਾਲਾ
4. ਸ਼ਹੀਦ ਬੁੰਗਾ
5. ਬੁੰਗਾ ਕੇਸ਼ ਗੜ੍ਹੀਆਂ
6. ਬੁੰਗਾ ਅਨੰਦਪੁਰੀਆਂ
7. ਬੁੰਗਾ ਦਸੌਂਧਾ ਸਿੰਘ ਸਿੱਧਵਾਂ
8. ਬੁੰਗਾ ਝਬਾਲੀਆਂ
9. ਬੁੰਗਾ ਕਾਲਿਆਂ ਵਾਲੇ ਸਰਦਾਰਾਂ ਦਾ
10. ਬੁੰਗਾ ਤਾਰਾ ਸਿੰਘ ਗੈਬਾ
11. ਬੁੰਗਾ ਤਾਰਾ ਸਿੰਘ, ਕਾਹਨ ਸਿੰਘ ਮਾਨ
12. ਬੁੰਗਾ ਭੰਗਾ ਸਿੰਘ ਥਾਨੇਸ੍ਰੀ
13. ਬੁੰਗਾ ਮੱਜਾ ਸਿੰਘ
14. ਬੁੰਗਾ ਬਘੇਲ ਸਿੰਘ ਪ੍ਰਸਿੱਧ ਮਾਨਾ ਵਾਲੀਆਂ
15. ਬੁੰਗਾ ਮੀਰ ਕੋਟੀਆਂ
16. ਬੁੰਗਾ ਸ਼ਾਮ ਸਿੰਘ ਅਟਾਰੀ ਵਾਲਾ
17. ਬੁੰਗਾ ਜੱਸਾ ਸਿੰਘ ਨਿਰਮਲਾ
18. ਬੁੰਗਾ ਲੱਖਾ ਸਿੰਘ ਨਿਰਮਲਾ
19. ਬੁੰਗਾ ਚੜ੍ਹਤ ਸਿੰਘ ਰਾਗੀ
20. ਬੁੰਗਾ ਜੋਧ ਸਿੰਘ ਸਉੜੀਆਂ ਵਾਲਾ
21. ਬੁੰਗਾ ਜਵਾਲਾ ਸਿੰਘ ਪੜ੍ਹਾਣੀਆਂ
22. ਬੁੰਗਾ ਕਬੂਲੇ ਵਾਲੀਆਂ
ਪੱਛਮੀ ਪਾਸੇ ਦੇ ਬੁੰਗੇ
1. ਅਕਾਲ ਬੁੰਗਾ
2. ਬੁੰਗਾ ਜਲ੍ਹਿਆਂ ਵਾਲਾ
3. ਬੁੰਗਾ ਸ਼ਾਹਬਾਦੀਆਂ
4. ਬੁੰਗਾ ਮਜੀਠੀਆਂ
5. ਬੁੰਗਾ ਸਿੰਘ ਪੁਰੀਆਂ
6. ਬੁੰਗਾ ਸਿੰਘ ਪੁਰੀਆਂ ਦੂਜਾ
7. ਬੁੰਗਾ ਗੱਦੋ ਵਾਲੀਆਂ
8. ਬੁੰਗਾ ਜਮੇਂਦਾਰਾਂ
9. ਬੁੰਗਾ ਘਨੱਯਾਂ ਸਰਦਾਰਾਂ
10. ਬੁੰਗਾ ਰਾਜਾ ਧਿਆਨ ਸਿੰਘ
11. ਬੁੰਗਾ ਬਾਰਾਂ ਦਰੀ ਵਾਲਾ
12. ਬੁੰਗਾ ਬਾਬਾ ਯੋਧ ਸਿੰਘ ਛਾਪਾ ਵਾਲਾ
13. ਬੁੰਗਾ ਭਾਗ ਸਿੰਘ ਸ਼ਹੀਦ ਵਾਲਾ
14. ਬੁੰਗਾ ਦੇਵਾ ਸਿੰਘ ਸ਼ਹੀਦ
15. ਬੁੰਗਾ ਰਾਗੀ ਧਨਪਤਿ ਸਿੰਘ
16. ਬੁੰਗਾ ਜਰਨੈਲ ਮੀਹਾਂ ਸਿੰਘ
17. ਬੁੰਗਾ ਭਾਈ ਗੁਰਦਾਸ ਸਿੰਘ ਗਿਆਨੀ
18. ਬੁੰਗਾ ਨਕਈ ਸਰਦਾਰਾਂ ਵਾਲਾ
19. ਬੁੰਗਾ ਅਭੈ ਸਿੰਘ ਹੁਕਮਨਾਮੀਆ
20. ਬੁੰਗਾ ਬਰਕੀ ਵਾਲੇ
21. ਬੁੰਗਾ ਘੜਿਆਲੀਆਂ ਵਾਲਾ
22. ਝੰਡਾ ਬੁੰਗਾ
23. ਬੁੰਗਾ ਚਮਾਰੀ ਵਾਲੇ ਸਰਦਾਰਾਂ ਦਾ
24. ਬੁੰਗਾ ਖਡੂਰੀਆਂ
25. ਬੁੰਗਾ ਸਿਆਲਕੋਟੀਆਂ
26. ਬੁੰਗਾ ਗੋਇੰਦਵਾਲੀਆਂ
27. ਬੁੰਗਾ ਚੀਚੇ ਵਾਲੇ ਸਰਦਾਰਾਂ ਦਾ
28. ਬੁੰਗਾ ਸਰਕਾਰ
ਉੱਤਰੀ ਪਾਸੇ ਦੇ ਬੁੰਗੇ
1. ਬੁੰਗਾ ਘੰਟਾ ਘਰ ਪੁਲਿਸ ਚੌਂਕੀ ’ਤੇ ਚਬੂਤਰਾ ਘੰਟਾ ਘਰ
2. ਬੁੰਗਾ ਮਹਾਰਾਜਾ ਸ਼ੇਰ ਸਿੰਘ
3. ਬੁੰਗਾ ਰਾਣੀ ਸਦਾ ਕੌਰ ਮੈਹ ਹਵੇਲੀ
4. ਬੁੰਗਾ ਕੰਵਰ ਨੌਨਿਹਾਲ ਸਿੰਘ
5. ਬੁੰਗਾ ਸੋਢੀਆਂ ਅਨੰਦਪੁਰੀਆਂ
6. ਬੁੰਗਾ ਕਾਹਨ ਸਿੰਘ ਨਿਰਮਲਾ
7. ਬੁੰਗਾ ਰਾਗੀ ਕਾਹਨ ਸਿੰਘ
8. ਬੁੰਗਾ ਨੂਰ ਮਹੱਲੀਆਂ
9. ਬੁੰਗਾ ਆਹਲੂਵਾਲੀਆਂ
10. ਬੁੰਗਾ ਮਲਵੱਈਆਂ
11. ਬੁੰਗਾ ਭਾਈ ਸਾਹਿਬਾਨ
12. ਬੁੰਗਾ ਸਰਦਾਰਾਨ ਜੱਲ੍ਹੇ ਵਾਲੀਆਂ
ਬੁੰਗੇ ਕੌਮ ਦੇ ਲੰਗਰ ਤੇ ਅਰਾਮਗਾਹਾਂ, ਗੁਰਮਿਤ ਵਿਦਿਆ ਦੀਆਂ ਟਕਸਾਲਾਂ ਤੇ ਰੱਖਿਆ ਹਿੱਤ ਮਜ਼ਬੂਤ ਕਿਲ੍ਹੇ ਹਨ। ਇਨ੍ਹਾਂ ਨੂੰ ਜੁਗੋ-ਜੁਗ ਭਾਵ ਸਦਾ-ਸਦਾ ਅਟੱਲ, ਕਾਇਮ ਰੱਖਣ ਹਿੱਤਤ ਖਾਲਸਾ ਪੰਥ ਆਪਣੇ ਜਨਮ ਤੋਂ ਹੀ ਜੂਝਦਾ ਆਇਆ ਹੈ ਅਤੇ ਅੱਗੋਂ ਵੀ ਜੂਝਦਾ ਰਹੇਗਾ। ਇਸ ਲਈ ਸਮੁੱਚੇ ਖਾਲਸਾ ਪੰਧ ਅਤੇ ਹਰ ਗੁਰਸਿੱਖ ਦੀ ਦੋ ਵੇਲੇ ਦੀ ਅਰਦਾਸ ਦਾ ਇਹ ਇੱਕ ਅਟੁੱਟ ਅੰਗ ਬਣ ਗਏ ਹਨ, ਕਿ ਹੇ ਸਤਿਗੁਰੂ! ਚੌਂਕੀਆਂ, ਝੰਡੇ, ਬੁੰਗੇ ਜੁਗੋ-ਜੁਗ ਅਟੱਲ ਰਹਿਣ।
ਲੇਖਕ : ਅਗਿਆਤ
Comments
Post a Comment