ਅਰਦਾਸ ਦਾ ਖਤਰਾ
ਅਰਦਾਸ ਕਈ ਵਾਰੀ ਬਜਾਇ ਫਾਇਦੇ ਦੇ ਨੁਕਸਾਨ ਵੀ ਪਹੁੰਚਾ ਸਕਦੀ ਹੈ | ਵਾਹਿਗੁਰੂ ਜੀ ਜਿਥੇ ਮਿਹਰਵਾਨ ਤੇ ਬਖਸ਼ਣਹਾਰ ਹਨ ਉਥੇ ਪੂਰੇ ਨਿਆਂਕਾਰੀ ਜਾਂ ਮੁਨਸਿਫ ਵੀ ਹਨ | ਵਾਹਿਗੁਰੂ ਜੀ ਦਾ ਮਿਹਰਵਾਨ ਤੇ ਬਖਸ਼ਣਹਾਰ ਹੋਣਾ ਅਤੇ ਨਾਲ ਹੀ ਮੁਨਸਿਫ ਹੋਣਾ ਸਾਡੀ ਆਤਮਿਕ ਤਰੱਕੀ ਵਾਸਤੇ ਬੜਾ ਜਰੂਰੀ ਹੈ | ਜੇਕਰ ਉਹ ਮਿਹਰਵਾਨ ਹੀ ਹੁੰਦੇ ਅਤੇ ਨਿਆਂਕਾਰੀ ਨਾ ਹੁੰਦੇ, ਜਾਂ ਨਿਰੇ ਨਿਆਂਕਾਰੀ ਹੀ ਹੁੰਦੇ ਅਤੇ ਮਿਹਰਵਾਨ ਨਾ ਹੁੰਦੇ ਤਾਂ ਜੀਵ ਲਈ ਮਾਇਆ ਦੇ ਜਾਲ ਵਿਚੋਂ ਨਿਕਲ ਕੇ ਵਾਹਿਗੁਰੂ ਜੀ ਤੱਕ ਪਹੁੰਚਣਾ ਅਸੰਭਵ ਹੋਣਾ ਸੀ |
ਜੋ ਗੁਰਸਿਖ ਵਾਹਿਗੁਰੂ ਜੀ ਦੇ ਉੱਪਰ ਲਿਖੇ ਸੁਭਾਵ ਤੋਂ ਵਾਕਿਫ਼ ਨਹੀਂ, ਉਹ ਬਹੁਤ ਵਾਰੀ ਗਲਤ ਅਰਦਾਸਾਂ ਕਰਕੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਂਦਾ ਹੈ | ਜਦ ਗੁਰਸਿਖ ਇਹ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਂ ਬੜਾ ਭੁੱਲਣਹਾਰ ਤੇ ਪਾਪੀ ਹਾਂ, ਮੇਰੇ ਸਭ ਪਿਛਲੇ ਅਉਗਣ ਬਖਸ਼ ਦੇਵੋ ਅਤੇ ਅਰਦਾਸ ਕਰਨ ਮਗਰੋਂ ਇਹ ਸਮਝਦਾ ਹੈ ਕਿ ਮੇਰੇ ਕੇਵਲ ਅਰਦਾਸ ਕਰਨ ਨਾਲ ਹੀ ਪਿਛਲੇ ਅਉਗਣ ਬਖਸ਼ੇ ਗਏ ਹਨ, ਉਹ ਵਾਹਿਗੁਰੂ ਜੀ ਦੇ ਸੁਭਾਵ ਦੇ ਨਿਆਂਕਾਰੀ ਪਖ ਤੋਂ ਅਨਜਾਣ ਹੈ | ਕੇਵਲ ਅਰਦਾਸ ਕਰਨ ਨਾਲ ਵਾਹਿਗੁਰੂ ਜੀ ਜੀਵ ਦੇ ਪਿਛਲੇ ਕੀਤੇ ਪਾਪ ਨਹੀਂ ਬਖਸ਼ਦੇ ਕਿਉਂਕਿ ਜੇ ਉਹ ਐਸਾ ਕਰਨ ਤਾਂ ਉਹ ਨਿਆਂਕਾਰੀ ਨਹੀਂ |
ਆਪਣੇ ਅਉਗਣਾਂ ਤੇ ਕੇਵਲ ਪਸ਼ਚਾਤਾਪ ਕਰਨਾ ਅਉਗਣ ਬਖਸ਼ਾਣ ਲਈ ਕਾਫੀ ਨਹੀਂ | ਗੁਰਸਿਖ ਨੂੰ ਆਪਣੇ ਪਸ਼ਚਾਤਾਪ ਦਾ ਕੋਈ ਪੱਕਾ ਤੇ ਅਮਲੀ ਸਬੂਤ ਦੇਣਾ ਚਾਹਿਦਾ ਹੈ | ਜਿਸ ਤੋਂ ਸਾਬਤ ਹੋਵੇ ਕਿ ਉਸ ਦਾ ਪਸ਼ਚਾਤਾਪ ਸੱਚਾ ਤੇ ਦਿਲੀ ਹੈ |
ਪਸ਼ਚਾਤਾਪ ਦਾ ਸਬੂਤ 'ਸੁਧਾਰ' ਹੈ | ਜਿਸ ਅਉਗਣ ਦੀ ਬਖਸ਼ਿਸ਼ ਚਾਹੁੰਦੇ ਹਾਂ ਉਸ ਅਉਗਣ ਨੂੰ ਮੁੜ ਕੇ ਨਾ ਕਰਨ ਦਾ ਦ੍ਰਿੜ ਫੈਸਲਾ ਹੋਣਾ ਚਾਹੀਦਾ ਹੈ | ਉਪਰੰਤ ਜਦ ਅਸੀਂ ਉਸ ਅਉਗਣ ਨੂੰ ਨਾ ਦੋਹਰਾਵੀਏ, ਮੁੜ ਕੇ ਮਾੜਾ ਕ੍ਰਮ ਨਾਂ ਕਰੀਏ ਤਾਂ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਪਸ਼ਚਾਤਾਪ ਦਾ ਅਮਲੀ ਸਬੂਤ ਪੇਸ਼ ਕਰਦੇ ਹਾਂ | ਜਿਸ ਅਰਦਾਸ ਦੇ ਨਾਲ ਗੁਰਸਿਖ ਦਾ ਅਮਲੀ ਸਬੂਤ ਸ਼ਾਮਲ ਹੈ ਉਸ ਨੂੰ ਵਾਹਿਗੁਰੂ ਜੀ ਬਖਸ਼ਦੇ ਹਨ ਕਿਉਂਕਿ ਐਸੀ ਬਖਸ਼ਿਸ਼ ਦੀ ਸਿਫਾਰਸ਼ ਵਾਹਿਗੁਰੂ ਜੀ ਦਾ ਇਨਸਾਫ਼ ਖੁੱਦ ਕਰਦਾ ਹੈ |
ਯਾਦ ਰਹੇ ਕਿ ਇਨਸਾਫ਼ ਦੀ ਮਨਸ਼ਾ ਸਜ਼ਾ ਦੇਣਾ ਨਹੀਂ ਸਗੋਂ ਸੁਧਾਰ ਕਰਨਾ ਹੈ | ਇਨਸਾਫ਼ ਸਜ਼ਾ ਕੇਵਲ ਇਸ ਲਈ ਦੇਂਦਾ ਹੈ ਕਿ ਦੋਸ਼ੀ ਦਾ ਸੁਧਾਰ ਹੋਵੇ ਪਰ ਜਦ ਦੋਸ਼ੀ ਸੱਚਾ ਪਸ਼ਚਾਤਾਪ ਕਰੇ ਅਤੇ ਉਸ ਪਸ਼ਚਾਤਾਪ ਦਾ ਸਬੂਤ ਸੁਧਾਰ ਦੀ ਸ਼ਕਲ ਵਿੱਚ ਪੇਸ਼ ਕਰੇ ਤਾਂ ਇਨਸਾਫ਼ ਦਾ ਅਸਲ ਮਨੋਰਥ ਪੂਰਾ ਹੋ ਜਾਂਦਾ ਹੈ ਅਤੇ ਉਹ ਬਖਸ਼ਿਸ਼ ਲਈ ਸਿਫਾਰਸ਼ ਕਰਦਾ ਹੈ |
ਦੁਨਿਆਵੀ ਅਦਾਲਤਾਂ ਵਿੱਚ ਵੀ ਮੈਜਿਸਟਰੇਟ ਨੂੰ ਜਦ ਯਕੀਨ ਹੋ ਜਾਵੇ ਕਿ ਦੋਸ਼ੀ ਆਪਣੇ ਜੁਰਮ ਉੱਤੇ ਸੱਚੇ ਦਿਲੋਂ ਪਸ਼ੇਮਾਨ (ਸ਼ਰਮਿੰਦਾ) ਹੈ ਤੇ ਮੁੜ ਕੇ ਜੁਰਮ ਨਹੀਂ ਕਰੇਗਾ ਤਾਂ ਉਹ ਘੱਟ ਤੋਂ ਘੱਟ ਸਜ਼ਾ ਦੇਂਦਾ ਹੈ | ਉਹ ਘੱਟ ਤੋਂ ਘੱਟ ਸਜ਼ਾ ਵੀ ਇਸ ਵਾਸਤੇ ਦਿੱਤੀ ਜਾਂਦੀ ਹੈ ਕਿ ਦੁਨਿਆਵੀ ਮੈਜਿਸਟਰੇਟ ਨੂੰ ਦੋਸ਼ੀ ਦੇ ਦਿਲ ਦਾ ਚੰਗੀ ਤਰਾਂ ਪਤਾ ਨਹੀਂ ਹੁੰਦਾ ਪਰ ਵਾਹਿਗੁਰੂ ਜੀ ਜੋ ਕਿ ਅੰਤਰਜਾਮੀ ਹਨ ਅਤੇ ਦੋਸ਼ੀ ਦੇ ਦਿਲ ਦਾ ਪੂਰਾ ਹਾਲ ਜਾਣਦੇ ਹਨ, ਜਦ ਉਨ੍ਹਾਂ ਨੂੰ ਯਕੀਨ ਹੋ ਜਾਵੇ ਕਿ ਦੋਸ਼ੀ ਦਾ ਪਸ਼ਚਾਤਾਪ ਸੱਚਾ ਹੈ ਅਤੇ ਉਹ ਮੁੜ ਕੇ ਪਾਪ ਨਹੀਂ ਕਰੇਗਾ ਤਾਂ ਉਹ ਦੋਸ਼ੀ ਨੂੰ ਫੌਰਨ ਬਖਸ਼ ਦੇਂਦੇ ਹਨ |
ਇਸ ਲਈ ਬਖਸ਼ਿਸ਼ ਵਾਸਤੇ ਸੁਧਾਰ ਦੀ ਸ਼ਰਤ ਲਾਜ਼ਮੀ ਹੈ | ਜਿਥੇ ਸੁਧਾਰ ਆ ਗਿਆ ਬਖਸ਼ਿਸ਼ ਜਰੂਰ ਆਉਂਦੀ ਹੈ ਅਤੇ ਜਿਥੇ ਸੁਧਾਰ ਨਹੀਂ ਆਇਆ ਉਥੇ ਜ਼ੁਬਾਨੀ ਅਰਦਾਸਾਂ ਕਰਨੀਆਂ ਅਤੇ ਕੜਾਹ ਪ੍ਰਸ਼ਾਦ ਭੇਟ ਕਰਨੇ, ਤੀਰਥਾਂ ਤੇ ਜਾ ਕੇ ਆਪਣੀਆਂ ਭੁੱਲਾਂ ਦੀ ਬਖਸ਼ਿਸ਼ ਚਾਹੁਣੀ, ਇਸ ਲਈ ਬੇਅਰਥ ਕੰਮ ਹਨ, ਕਿਉਂਕਿ ਇਨ੍ਹਾਂ ਅਰਦਾਸਾਂ ਦੀ ਸੱਚਾਈ ਦਾ ਗੁਰਸਿਖ ਕੋਈ ਅਮਲੀ ਸਬੂਤ ਨਹੀਂ ਪੇਸ਼ ਕਰਦਾ |
ਜਿਸ ਕੌਮ ਵਿੱਚ, ਜਿਸ ਦੇਸ਼ ਵਿੱਚ, ਜਿਸ ਧਰਮ ਵਿੱਚ ਕੇਵਲ ਜ਼ਬਾਨੀ ਅਰਦਾਸਾਂ ਕਰਕੇ ਆਪਣੇ ਪਿਛਲੇ ਮਾੜੇ ਕਰਮਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਰਿਵਾਜ਼ ਹੈ ਉਥੇ ਬਖਸ਼ਿਸ਼ ਕਦੇ ਪੈਰ ਨਹੀਂ ਪਾਂਦੀ | ਐਸੇ ਧਰਮ ਜਾਂ ਦੇਸ਼ ਕਦੀ ਸੁਧਾਰ ਦੀ ਅਗਲੀ ਟੀਸੀ ਤੇ ਨਹੀਂ ਚੜ੍ਹਦੇ | ਐਸੀਆਂ ਅਰਦਾਸਾਂ ਸਗੋਂ ਪਖੰਡ ਪੈਦਾ ਕਰਦੀਆਂ ਹਨ | ਐਸੀਆਂ ਅਰਦਾਸਾਂ ਕੇਵਲ ਅਰਦਾਸ ਕਰਨ ਵਾਲਿਆਂ ਨੂੰ ਨਿਡਰ ਹੋ ਕੇ ਪਾਪ ਕਰਨ ਲਈ ਪ੍ਰੇਰਦੀਆਂ ਹਨ | ਐਸੀਆਂ ਅਰਦਾਸਾਂ ਹੋਰ ਵਧੇਰੇ ਤੇ ਖੁਲ੍ਹਮ ਖੁੱਲਾ ਪਾਪ ਕਰਨ ਦਾ ਲਾਇਸੈਂਸ ਬਣ ਜਾਂਦੀਆਂ ਹਨ | ਐਸੀਆਂ ਅਰਦਾਸਾਂ ਸਾਡੀਆਂ ਖਤਰਨਾਕ ਦੁਸ਼ਮਣ ਹਨ |
ਪਾਪ ਕਰਨ ਵਾਲੇ ਨੂੰ, ਮਾੜੇ ਕ੍ਰਮ ਕਰਨ ਵਾਲੇ ਨੂੰ ਜਦ ਇਹ ਨਿਸ਼ਚਾ ਹੋ ਜਾਵੇ ਕਿ ਉਸ ਦੇ ਮਾੜੇ ਕਰਮ ਜਾਂ ਅਪਰਾਧ ਕੇਵਲ ਕੜਾਹ ਪ੍ਰਸ਼ਾਦ ਕਰਵਾ ਕੇ ਗ੍ਰੰਥੀ ਜੀ ਪਾਸੋਂ ਆਪਣੇ ਹੱਕ ਵਿੱਚ ਅਰਦਾਸ ਕਰਵਾਣ ਨਾਲ ਹੀ ਬਖਸ਼ੇ ਜਾਂਦੇ ਹਨ ਤਾਂ ਫਿਰ ਉਸਦੀਆਂ ਮੰਦ ਵਾਸ਼ਨਾਵਾਂ ਅਰਦਾਸ ਦੇ ਸਸਤੇ ਤੇ ਆਸਾਨ ਤਰੀਕੇ ਦੀ ਆੜ ਲੈ ਕੇ ਅੱਗੇ ਨੂੰ ਵਧੇਰੇ ਖੁਲ੍ਹਮ ਖੁੱਲ੍ਹਾ ਪਾਪ ਇਸ ਆਸ ਉੱਤੇ ਕਰਦੀਆਂ ਹਨ ਕਿ ਜਿਵੇਂ ਪਿਛਲੇ ਪਾਪ ਅਰਦਾਸ ਕਰਵਾ ਕੇ ਬਖਸ਼ਾ ਲਏ ਸੀ, ਉਸੇ ਤਰ੍ਹਾਂ ਅਗਲੇ ਪਾਪ ਵੀ ਮੁੜ ਅਰਦਾਸ ਕਰਵਾ ਕੇ ਬਖਸ਼ਵਾਏ ਜਾਣਗੇ | ਗੁਰਮਤਿ ਵਿੱਚ ਸੁਧਾਰ ਭਰੀ ਬਖਸ਼ਿਸ਼ ਨੂੰ ਹੀ ਜਗ੍ਹਾ ਹੈ, ਐਸੀ ਬਖਸ਼ਿਸ਼ ਲਈ ਥਾਂ ਨਹੀਂ ਜਿਸ ਦਾ ਨਿਸ਼ਾਨਾ ਸੁਧਾਰ ਨਾ ਹੋਵੇ | ਇਸੇ ਲਈ ਗੁਰਸਿਖਾਂ ਦੀ ਰੋਜ਼ਾਨਾ ਅਰਦਾਸ ਇਸ ਪ੍ਰਕਾਰ ਹੁੰਦੀ ਹੈ -
ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਅੰਗ 624,
ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ ਅੰਗ 286,
ਕਈ ਗੁਰਸਿਖ ਆਖਦੇ ਸੁਣੇ ਗਏ ਹਨ ਕਿ ਅਸੀਂ ਤਾਂ ਆਪਣੇ ਆਪ ਕੁਝ ਨਹੀਂ ਕਰ ਸਕਦੇ, ਅਸੀਂ ਆਪਣੇ ਪੁਰਸ਼ਾਰਥ ਨਾਲ ਆਪਣੇ ਅਉਗਣਾਂ ਨੂੰ ਜਿੱਤ ਨਹੀਂ ਸਕਦੇ, ਵਾਹਿਗੁਰੂ ਜੀ ਦੀ ਮਿਹਰ ਹੋਵੇ ਤਾਂ ਹੀ ਅਉਗਣ ਤਿਆਗੇ ਜਾ ਸਕਦੇ ਹਨ | ਐਸੇ ਮਿੱਤਰ ਅਉਗਣਾਂ ਦੇ ਕਰਨ ਵੇਲੇ ਤਾਂ ਅਉਗਣ ਅਤੇ ਗੁਰਦਵਾਰੇ ਦੇ ਵੇਲੇ ਗੁਰਦਵਾਰੇ ਵਿੱਚ ਜਾ ਕੇ ਅਉਗਣ ਬਖਸ਼ਾਣ ਦੀ ਅਰਦਾਸ ਕਰਦੇ ਹਨ | ਹਰ ਰੋਜ਼ ਐਸਾ ਕਰਨ ਨਾਲ ਉਨ੍ਹਾਂ ਦੇ ਦਿਲਾਂ ਵਿੱਚ ਆਪਣੇ ਅਉਗਣਾਂ ਲਈ ਕੋਈ ਨਫਰਤ ਨਹੀਂ ਰਹਿੰਦੀ, ਆਪਣੀਆਂ ਕਮਜ਼ੋਰੀਆਂ ਨਾਲ ਯੁੱਧ ਕਰਕੇ ਉਨ੍ਹਾਂ ਤੇ ਜਿੱਤ ਪ੍ਰਾਪਤ ਕਰਨ ਦੀ ਹਿੰਮਤ ਨਹੀ ਰਹਿੰਦੀ |
ਜਿਹੜੇ ਮਿੱਤਰ ਇਹ ਆਖਦੇ ਹਨ ਕਿ ਆਦਮੀ ਤਾਂ ਗੁਨਾਹਾਂ ਦਾ ਭਰਿਆ ਹੋਇਆ ਹੈ, ਇਹ ਆਪਣੀ ਹਿੰਮਤ ਤੇ ਮਿਹਨਤ ਨਾਲ ਕੁਝ ਕਰ ਹੀ ਨਹੀਂ ਸਕਦਾ ਅਤੇ ਗੁਰਬਾਣੀ ਵਿਚੋਂ ਐਸੇ ਗੁਰਵਾਕਾਂ ਦਾ ਪ੍ਰਮਾਣ ਦੇਂਦੇ ਹਨ -
ਹਾ ਹਾ ਪ੍ਰਭ ਰਾਖਿ ਲੇਹੁ ॥ ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥੧॥ ਰਹਾਉ ॥ ਅੰਗ 675
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥੧॥ ਅੰਗ 882
ਉਹ ਮਿੱਤਰ ਇਹ ਭੁੱਲ ਜਾਂਦੇ ਹਨ ਕਿ ਜਿਨ੍ਹਾਂ ਨੇ ਇਹ ਮਹਾਂਵਾਕ ਉਚਾਰਨ ਕੀਤੇ ਹਨ ਉਨ੍ਹਾਂ ਦਾ ਆਪਣਾ ਜੀਵਨ ਘਾਲਾਂ, ਮਿਹਨਤਾਂ, ਕੋਸ਼ਿਸ਼ਾਂ ਅਤੇ ਉਤਸ਼ਾਹਾਂ ਦਾ ਭਰਿਆ ਹੋਇਆ ਸੀ | ਉਨ੍ਹਾਂ ਦੇ ਨੇੜੇ ਬਦੀ ਦਾ ਖਿਆਲ ਤੱਕ ਨਹੀਂ ਸੀ ਫਟਕਦਾ ਅਤੇ ਉਹ ਸਦਾ ਸੰਜਮੀ ਤੇ ਉਦਮੀ ਜੀਵਨ ਬਤੀਤ ਕਰਦੇ ਸੀ |
ਐਸੇ ਗੁਰਵਾਕ ਗੁਰਸਿਖਾਂ ਨੂੰ ਬਦੀ ਨਾਲ ਸਮਝੌਤਾ ਕਰਨ ਲਈ ਨਹੀਂ ਉਚਾਰੇ ਗਏ, ਸਗੋਂ ਹਿੰਮਤੀ, ਉਦਮੀ ਅਤੇ ਉਤਸ਼ਾਹੀ ਗੁਰਸਿਖਾਂ ਦੇ ਮਨ ਤੋਂ ਹੰਕਾਰ ਦੀ ਮੈਲ ਧੋਣ ਵਾਸਤੇ ਕਹੇ ਗਏ ਹਨ | ਗੁਰਸਿਖ ਗੁਰਉਪਦੇਸ਼ ਦੇ ਆਸਰੇ ਉਦਮ ਅਤੇ ਉਤਸ਼ਾਹ ਦਾ ਜੀਵਨ ਬਤੀਤ ਕਰਦਾ ਹੈ ਅਤੇ ਮਨ ਦੀਆਂ ਨੀਵੀਆਂ ਮਲੀਨ ਖਾਹਿਸ਼ਾਂ ਨਾਲ ਜੂਝਦਾ ਹੈ ਅਤੇ ਅਖੀਰ ਗੁਰੂ ਆਸਰੇ ਮਨ ਤੇ ਫਤਹਿ ਹਾਸਿਲ ਕਰਦਾ ਹੈ | ਇਹ ਸਭ ਕੁਝ ਕਰਦਾ ਹੋਇਆ ਉਹ ਆਪਣੇ ਆਪ ਨੂੰ ਅਕਰਤਾ ਮੰਨਦਾ ਹੈ ਅਤੇ ਸਭ ਹਿੰਮਤ, ਬਦੀ ਨਾਲ ਜੂਝਣ ਦੀ ਤਾਕਤ ਨੂੰ ਵਾਹਿਗੁਰੂ ਜੀ ਦੀ ਦਾਤ ਮੰਨਦਾ ਹੈ | ਸ੍ਰੀ ਗੁਰੂ ਗਰੰਥ ਸਾਹਿਬ ਵਿਖੇ ਮਨ ਦੀਆਂ ਕਮਜ਼ੋਰੀਆਂ ਨੂੰ ਗੁਰਬਾਣੀ ਦੀ ਸੂਝ ਅਤੇ ਨਾਮ ਦੇ ਆਸਰੇ, ਹਿੰਮਤ, ਉਤਮ ਤੇ ਦ੍ਰਿੜਤਾ ਨਾਲ ਜਿੱਤਣ ਦੀ ਸਿਫਾਰਸ਼ ਹੈ |
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ ਅੰਗ 522
ਜਿਹੜੇ ਮਿੱਤਰ ਮਨ ਪਿਛੇ ਲੱਗ ਕੇ ਮਾੜੇ ਕ੍ਰਮ ਵੀ ਜਾਰੀ ਰਖਦੇ ਹਨ ਅਤੇ ਤੀਰਥਾਂ ਤੇ ਨਹਾ ਕੇ ਜਾਂ ਮੰਦਰਾਂ, ਗੁਰਦਵਾਰਿਆਂ ਵਿੱਚ ਆਪਣੇ ਹੱਕ ਵਿੱਚ ਅਰਦਾਸਾਂ ਕਰਵਾ ਕੇ ਸਮਝਦੇ ਹਨ ਕਿ ਪਾਪ ਬਖਸ਼ੇ ਗਏ, ਉਨ੍ਹਾਂ ਨੂੰ ਖਾਸ ਸੰਬੋਧਨ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਆਖਦੇ ਹਨ -
ਪਾਪ ਕਰਹਿ ਪੰਚਾਂ ਕੇ ਬਸਿ ਰੇ ॥ ਤੀਰਥਿ ਨਾਇ ਕਹਹਿ ਸਭਿ ਉਤਰੇ ॥ ਅੰਗ 1348
ਬਹੁਰਿ ਕਮਾਵਹਿ ਹੋਇ ਨਿਸੰਕ ॥ ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥
ਭਾਵ - ਜਿਹੜੇ ਪੰਜਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ) ਦੇ ਵਸ ਆ ਕੇ ਪਾਪ ਕਰਦੇ ਹਨ ਅਤੇ ਤੀਰਥਾਂ ਤੇ ਇਸ਼ਨਾਨ ਕਰਕੇ ਸਮਝਦੇ ਹਨ ਕਿ ਪਾਪ ਬਖਸ਼ੇ ਗਏ | ਉਪਰੰਤ ਨਿਡਰ ਹੋ ਕੇ ਫੇਰ ਪਾਪ ਕਰਦੇ ਹਨ ਉਹ ਜਮਾਂ ਦੀ ਪੁਰੀ ਵਿੱਚ ਮੂੰਹ ਕਾਲੇ ਕਰਕੇ ਅਤੇ ਬੰਨ ਕੇ ਭੇਜੇ ਜਾਣਗੇ |
ਕਈ ਵਾਰ ਐਸਾ ਹੁੰਦਾ ਹੈ ਕਿ ਗੁਰਸਿਖ ਆਪਣੀਆਂ ਕਮਜ਼ੋਰੀਆਂ ਨੂੰ ਨਫਰਤ ਕਰਦਾ ਹੋਇਆ ਅਤੇ ਇਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਦਿਲੀ ਤੇ ਸੱਚੇ ਸਾਧਨ ਵਰਤਦਾ ਹੋਇਆ ਵੀ ਕਿਸੇ ਵੇਲੇ ਕਮਜ਼ੋਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ | ਉਸ ਹਾਲਤ ਵਿੱਚ ਆਮ ਕਰਕੇ ਵਾਹਿਗੁਰੂ ਜੀ ( ਜਾਂ ਵਾਹਿਗੁਰੂ ਜੀ ਦੇ ਸਦੀਵੀ ਕਾਨੂੰਨ ) ਉਸ ਗੁਰਸਿਖ ਦੇ ਮਾੜੇ ਕਰਮਾਂ ਉਤੇ ਦੁਨੀਆਂ ਵੱਲੋਂ ਤਾਂ ਪਰਦਾ ਪਾਉਂਦੇ ਹਨ ਪਰ ਉਸ ਗੁਰਸਿਖ ਦੇ ਮਨ ਵਿੱਚ ਡਾਢਾ ਪਸ਼ਚਾਤਾਪ ਤੇ ਅਫਸੋਸ ਪੈਦਾ ਕਰਦੇ ਹਨ | ਕਾਨੂੰਨ ਦੀ ਕਰੜੀ ਜਾਂ ਢਿੱਲੀ ਵਰਤੋਂ ਹਰ ਇੱਕ ਗੁਰਸਿਖ ਦੀ ਨੀਯਤ ਅਤੇ ਹਿੰਮਤ ਅਨੁਸਾਰ ਹੁੰਦੀ ਹੈ |
ਜੋ ਗੁਰਸਿਖ ਪਾਪਾਂ ਵਿਕਾਰਾਂ ਨਾਲ ਸੱਚੇ ਦਿਲੋਂ ਯੁੱਧ ਕਰਦਾ ਹੋਇਆ, ਕਿਸੇ ਵੇਲੇ ਹਾਰ ਖਾ ਜਾਵੇ ਤਾਂ ਉਸ ਗੁਰਸਿਖ ਦੇ ਅਉਗਣਾਂ ਨੂੰ ਦੁਨੀਆਂ ਵਿੱਚ ਜਾਂ ਸੁਸਾਇਟੀ ਵਿੱਚ ਨੰਗਾ ਨਹੀਂ ਕੀਤਾ ਜਾਂਦਾ ਸਗੋਂ ਉਸ ਨੂੰ ਅਫਸੋਸ ਤੇ ਪਸ਼ੇਮਾਨੀ ਵਿੱਚ ਪਾਇਆ ਜਾਂਦਾ ਹੈ ਤਾਂ ਕਿ ਉਹ ਮੁੜ ਮਾੜੇ ਕਰਮ ਨਾ ਕਰੇ |
ਪਰ ਜੋ ਗੁਰਸਿਖ ਇਸ ਅੰਦਰਲੀ ਤਾੜਨਾ ਦੀ ਪ੍ਰਵਾਹ ਨਾ ਕਰੇ ਅਤੇ ਮਾੜੇ ਕੰਮ ਕਰਨੇ ਜਾਰੀ ਰਖੇ, ਉਸ ਨੂੰ ਦੁਨੀਆਂ ਸਾਹਮਣੇ ਨੰਗਿਆਂ ਤੇ ਸ਼ਰਮਿੰਦਾ ਕੀਤਾ ਜਾਂਦਾ ਹੈ, ਜਾਂ ਦੁਖ, ਸੰਤਾਪ, ਬਿਮਾਰੀ, ਮੌਤ, ਆਦਿ ਜੁਗਤੀਆਂ ਦੇ ਜ਼ਰੀਏ ਸੁਧਾਰ ਵੱਲ ਪ੍ਰੇਰਿਆ ਜਾਂਦਾ ਹੈ |
ਖਾਲਸਾ ਸੋ ਜੋ ਨਿਤ ਕਰੇ ਜੰਗ ||
ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰਿ ਚਿਤ ਮੈਂ ਜੁਧੁ ਬਿਚਾਰੈ || ( ਦਸਮ ਬਾਣੀ )
ਇਸ ਵਾਕ ਅਨੁਸਾਰ ਅਸਲ ਗੁਰਸਿਖ ਆਪਣੀਆਂ ਮੰਦ ਵਾਸ਼ਨਾਵਾਂ ਜਾਂ ਨੀਵੀਆਂ ਬਿਰਤੀਆਂ ਨਾਲ ਸਦਾ ਮੋਰਚਾ ਲਾਈ ਰਖਦਾ ਹੈ ਅਤੇ ਉਨ੍ਹਾਂ ਉਤੇ ਸਦੀਵੀ ਫਤਹਿ ਪ੍ਰਾਪਤ ਕਰਨਾ ਆਪਣਾ ਜਮਾਂਦਰੂ ਹੱਕ ਸਮਝਦਾ ਹੈ | ਪਾਪਾਂ ਤੇ ਕਮਜ਼ੋਰੀਆਂ ਉੱਤੇ ਫਤਹਿ ਪਾਉਣਾ ਵੀ ਰੱਬੀ ਬਖਸ਼ਿਸ਼ ਦਾ ਪਾਤਰ ਬਣਨਾ ਹੈ | ਇਸ ਫਤਹਿ ਵਿੱਚ ਹੀ ਅਸਲੀ ਬਖਸ਼ਿਸ਼ ਦੇ ਦੀਦਾਰ ਹੁੰਦੇ ਹਨ |
ਰਘਬੀਰ ਸਿੰਘ 'ਬੀਰ' ਦੀ ਕਿਤਾਬ
ਅਰਦਾਸ ਸ਼ਕਤੀ
ਵਿਚੋਂ ਧੰਨਵਾਦ ਸਾਹਿਤ, ਅਰਵਿੰਦਰ ਸਿੰਘ ਯੂ ਕੇ
Comments
Post a Comment