ਕਲਮ ਤੋਂ ਬੰਦੂਕ ਤੱਕ: ਸਾਡਾ ਜ਼ਮੀਰ ਕਿੱਥੇ ਗਿਆ ?
ਇੱਕ ਸਮਾਂ ਸੀ ਜਦੋਂ ਦੁਨੀਆਂ ਇਹ ਸਮਝਦੀ ਸੀ ਕਿ "ਕਲਮ ਕੋਲ ਬੇਪਨਾਹ ਸ਼ਕਤੀ ਹੈ।" ਸਿਰਫ਼ ਲਿਖਣ ਦੀ ਸ਼ਕਤੀ ਹੀ ਨਹੀਂ, ਸਗੋਂ ਸੁੱਤੇ ਹੋਏ ਸਮਾਜ ਨੂੰ ਜਗਾਉਣ, ਜਾਗਰੂਕਤਾ ਜਗਾਉਣ ਅਤੇ ਇਨਕਲਾਬ ਸ਼ੁਰੂ ਕਰਨ ਦੀ ਸ਼ਕਤੀ ਵੀ ਹੈ। ਕਲਮ ਨਾਲ ਲਿਖੇ ਸ਼ਬਦ ਲੋਕਾਂ ਨੂੰ ਬੇਇਨਸਾਫ਼ੀ ਵਿਰੁੱਧ ਖੜ੍ਹੇ ਹੋਣ, ਬੋਲਣ ਅਤੇ ਦੁਨੀਆ ਨੂੰ ਬਦਲਣ ਲਈ ਪ੍ਰੇਰਿਤ ਕਰਦੇ ਹਨ।
ਪਰ ਅੱਜ, ਸਾਨੂੰ ਸਭ ਨੂੰ ਇਮਾਨਦਾਰੀ ਨਾਲ ਸੋਚਣਾ ਪਵੇਗਾ ਕਿ ਅਸੀਂ ਕਿਸ ਰਸਤੇ ਤੇ ਚੱਲ ਰਹੇ ਹਾਂ, ਕੀ ਅਸੀਂ ਅਜਿਹੇ ਸ਼ਬਦਾਂ ਨੂੰ ਸੁਣ ਵੀ ਰਹੇ ਹਾਂ ਜਿਹੜੇ ਸ਼ਬਦ ਸਾਡੇ ਜ਼ਮੀਰ ਨੂੰ ਜਗਾਉਣ ਅਤੇ ਜਿਉਂਦੇ ਰੱਖਣ ਲਈ ਲਿਖੇ ਅਤੇ ਬੋਲੇ ਜਾ ਰਹੇ ਹਨ?
ਇਸ ਡਿਜੀਟਲ ਯੁੱਗ ਵਿੱਚ ਸਾਨੂੰ ਆਪਣੇ ਆਪ ਪ੍ਰਤੀ ਇਮਾਨਦਾਰ ਬਣਨਾ ਪਵੇਗਾ ਕਿਉਂਕਿ ਅਸੀਂ ਅੱਜ ਦੇ ਇਸ ਸਮੇਂ ਵਿੱਚ ਮਦਦਗਾਰ ਬਣਨ ਨਾਲੋਂ ਜ਼ਿਆਦਾ ਮਤਲਬੀ ਜਾਂ ਤਮਾਸ਼ਬੀਨ ਬਣ ਰਹੇ ਹਾਂ। ਜਦੋਂ ਸੜਕ ਤੇ ਕੋਈ ਹਾਦਸਾ ਵਾਪਰਦਾ ਹੈ, ਤਾਂ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਪ੍ਰਤੀ ਸਾਡੀ ਪਹਿਲੀ ਜਿੰਮੇਵਾਰੀ ਕੀ ਹੈ? ਕੀ ਅਸੀਂ ਮਦਦ ਕਰਨ ਲਈ ਰੁਕਦੇ ਹਾਂ? ਜਾਂ ਅਸੀਂ ਸੋਸ਼ਲ ਮੀਡੀਆ ਲਈ ਉਸ ਹਾਦਸੇ ਨੂੰ ਫਿਲਮਾਉਣ ਲਈ ਆਪਣੇ ਫ਼ੋਨ ਬਾਹਰ ਕੱਢਦੇ ਹਾਂ? ਬਦਕਿਸਮਤੀ ਵਾਲੀ ਹਕੀਕਤ ਇਹ ਹੈ ਕਿ, ਸਾਡੇ ਵਿੱਚੋਂ ਬਹੁਤ ਸਾਰੇ ਲੋਕ ਹਾਦਸੇ ਦੇ ਸ਼ਿਕਾਰ ਹੋਏ ਪੀੜਤਾਂ ਦੀ ਮਦਦ ਕਰਨ ਦੀ ਬਜਾਇ ਉਸ ਘਟਨਾ ਨੂੰ ਪਹਿਲਾਂ ਸੋਸ਼ਲ ਮੀਡੀਏ ਤੇ ਪੋਸਟ ਕਰਨ ਨੂੰ ਪਹਿਲ ਦਿੰਦੇ ਹਨ। ਕੋਈ ਵਿਅਕਤੀ ਆਪਣੀ ਜ਼ਿੰਦਗੀ ਬਚਾਉਣ ਲਈ ਲੜ ਰਿਹਾ ਹੋ ਸਕਦਾ ਹੈ ਅਤੇ ਸ਼ਾਇਦ ਉਸਦੀ ਜਾਨ ਵੀ ਬਚ ਸਕਦੀ ਹੋਵੇ ਪਰ ਸਾਡੀ ਤਰਜੀਹ ਸੋਸ਼ਲ ਮੀਡੀਆ ਉਸ ਵੀਡੀਓ ਨੂੰ ਵਾਇਰਲ ਕਰਕੇ ਵੱਧ ਤੋਂ ਵੱਧ ਲਾਇਕਸ ਅਤੇ ਕੋਮੈਂਟਸ ਲੈਣਾ ਬਣ ਜਾਂਦੀ ਹੈ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਸਾਨੂੰ ਆਪਣੇ ਅਜਿਹੇ ਵਰਤਾਰੇ ਉੱਪਰ ਕੋਈ ਅਫਸੋਸ ਵੀ ਨਹੀਂ ਹੁੰਦਾ |
ਜਾਨਵਰਾਂ ਪ੍ਰਤੀ ਦਿਆਲੂ ਹੋਣਾ ਉਨ੍ਹਾਂ ਹੀ ਮਹੱਤਵਪੂਰਨ ਹੈ ਜਿੰਨਾ ਕਿ ਇਨਸਾਨਾਂ ਪ੍ਰਤੀ | ਖਾਸ ਕਰਕੇ ਪੱਛਮੀ ਦੇਸ਼ਾਂ ਵਿੱਚ ਜੇਕਰ ਕਿਸੇ ਕੋਲੋਂ ਦੁਰਘਟਨਾ ਵੱਸ ਕਿਸੇ ਜਾਨਵਰ ਨੂੰ ਸੱਟ ਲੱਗ ਜਾਵੇ ਜਾਂ ਉਸਦੀ ਜਾਨ ਚਲੀ ਜਾਵੇ ਤਾਂ ਲੋਕ ਬਹੁਤ ਅਫਸੋਸ ਜ਼ਾਹਿਰ ਕਰਦੇ ਹਨ | ਇਹ ਦੁੱਖ ਅਤੇ ਅਫਸੋਸ ਹੋਣਾ ਵੀ ਚਾਹੀਦਾ ਹੈ "ਪਰ ਇਥੇ ਵੱਡਾ ਸਵਾਲ ਇਹ ਹੈ ਕਿ ਇਹ ਅਫਸੋਸ ਕਰਨ ਵਾਲੇ ਲੋਕ ਹੀ ਜਦੋਂ ਜੀਭ ਦੇ ਸਵਾਦ ਦੀ ਖਾਤਿਰ ਜਾਨਵਰਾਂ ਨੂੰ ਸਵਾਦ ਲੈਕੇ ਖਾਂਦੇ ਹਨ ਉਦੋਂ ਉਨ੍ਹਾਂ ਲਈ ਦੁੱਖ ਜਾਂ ਅਫਸੋਸ ਕਿਉਂ ਨਹੀਂ ਕਰਦੇ ?"
ਜਦੋਂ ਕਿਸੇ ਨਾਲ ਕੁਝ ਬੁਰਾ ਹੁੰਦਾ ਹੈ, ਤਾਂ ਅਸੀਂ ਆਮ ਤੌਰ 'ਤੇ ਕੀ ਕਹਿੰਦੇ ਹਾਂ? "ਇਹ ਮੇਰੀ ਸਮੱਸਿਆ ਨਹੀਂ ਹੈ।" ਅਸੀਂ ਇੰਨੇ ਮਤਲਬੀ ਹੋ ਗਏ ਹਾਂ ਕਿ ਆਪਣੇ ਆਸ ਪਾਸ ਵੱਧ ਰਹੀ ਬੁਰਾਈ ਅਤੇ ਗਲਤ ਕੰਮਾਂ ਵੱਲੋਂ ਆਪਣੀਆਂ ਅੱਖਾਂ ਅਤੇ ਕੰਨ ਬਿਲਕੁਲ ਬੰਦ ਕਰੀ ਰੱਖਦੇ ਹਾਂ | ਸਾਡੇ ਸਾਹਮਣੇ ਹੋ ਰਹੀ ਬੇਇਨਸਾਫ਼ੀ ਸਾਨੂੰ ਦਿਸਦੀ ਹੀ ਨਹੀਂ।
ਪੰਜਾਬ ਦੇ ਵਾਤਾਵਰਣ ਵੱਲ ਦੇਖੋ। ਬੁੱਧਜੀਵੀ ਚੀਕ ਚੀਕ ਕੇ ਕਹਿ ਰਹੇ ਹਨ ਕਿ ਪੰਜਾਬ ਦੀ ਹਰਿਆਲੀ ਅਲੋਪ ਹੋ ਰਹੀ ਹੈ, ਜਮੀਨੀ ਪਾਣੀ ਮੁੱਕ ਰਿਹਾ ਹੈ ਪਰ ਸਾਡੇ ਵਿੱਚੋਂ ਕਿੰਨੇ ਲੋਕ ਅਸਲ ਵਿੱਚ ਇਸ ਬਾਰੇ ਕੁਝ ਕਰ ਰਹੇ ਹਨ? ਕੁਝ ਲੋਕ ਆਪਣੇ ਪੱਧਰ ਤੇ ਰੁੱਖ ਲਗਾ ਵੀ ਰਹੇ ਹਨ ਅਤੇ ਵਾਤਾਵਰਣ ਵਿੱਚ ਫਰਕ ਲਿਆਉਣ ਦੀ ਕੋਸ਼ਿਸ਼ ਕਰ ਵੀ ਰਹੇ ਹਨ। ਪਰ ਅੱਗੇ ਕੀ ਹੁੰਦਾ ਹੈ? ਕੋਈ ਉਨ੍ਹਾਂ ਨੂੰ ਪਾਣੀ ਨਹੀਂ ਦਿੰਦਾ। ਕੁਝ ਲੋਕ ਲਾਪਰਵਾਹੀ ਨਾਲ ਜਾਂ ਸਿਰਫ਼ ਮਨੋਰੰਜਨ ਲਈ ਉਨ੍ਹਾਂ ਪੌਦਿਆਂ ਨੂੰ ਜੜ੍ਹੋਂ ਹੀ ਪੁੱਟ ਦਿੰਦੇ ਹਨ।
ਇੱਕ ਕਹਾਵਤ ਹੈ: ਤੁਸੀਂ ਕਿਸੇ ਸੁੱਤੇ ਹੋਏ ਨੂੰ ਜਗਾ ਸਕਦੇ ਹੋ, ਪਰ ਅਵੇਸਲੇ ਮਨੁੱਖ ਨੂੰ ਸਿਰਫ ਧਮਾਕੇ ਨਾਲ ਹੀ ਜਗਾਇਆ ਜਾ ਸਕਦਾ ਹੈ। ਅੱਜ ਅਸੀਂ ਲੋਕ ਸਿਰਫ਼ ਸੁੱਤੇ ਹੀ ਨਹੀਂ ਹਾਂ ਬਲਕਿ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨ ਦੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਵੱਲੋਂ ਬਿਲਕੁਲ ਅਵੇਸਲੇ ਹੋ ਚੁੱਕੇ ਹਾਂ। ਜਦੋਂ ਤੱਕ ਕੋਈ ਵੱਡੀ ਚੀਜ਼ ਸਾਨੂੰ ਉਠਾ ਨਹੀਂ ਦਿੰਦੀ, ਅਸੀਂ ਆਪਣੀ ਜ਼ਿੰਮੇਵਾਰੀ ਤੋਂ ਹੋਰ ਦੂਰ ਜਾ ਸਕਦੇ ਹਾਂ।
ਇਥੇ ਮੇਰਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਬੰਦੂਕ ਹੱਥ ਵਿੱਚ ਲੈ ਕੇ ਲੈਣੀ ਚਾਹੀਦੀ ਹੈ | ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਕਲਮ ਨਾਲ ਲਿਖੇ ਚੰਗੇ ਸ਼ਬਦਾਂ ਦੇ ਮਾਇਨੇ ਆਪਣੀ ਜਿੰਦਗੀ ਵਿਚ ਢਾਲ ਲਈਏ ਤਾਂ ਸਾਡੇ ਇਸ ਸਮਾਜ ਵਿੱਚ ਕਿਸੇ ਨੂੰ ਬੰਦੂਕ ਚੁੱਕਣ ਦੀ ਜਰੂਰਤ ਹੀ ਨਹੀਂ ਰਹੇਗੀ | ਜਿਵੇਂ ਕਿ ਇਥੇ ਕੁਝ ਸਮੱਸਿਆਵਾਂ ਦਾ ਜਿਕਰ ਕੀਤਾ ਹੈ ਜਿਨਾਂ ਦਾ ਹੱਲ ਕਿਸੇ ਸਰਕਾਰ ਜਾਂ ਅਫਸਰਾਂ ਦੀ ਬਜਾਇ ਅਸੀਂ ਆਪ ਕਰ ਸਕਦੇ ਹਾਂ | ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਮਾਜ ਅੰਦਰ ਹਨ ਜਿਨ੍ਹਾਂ ਨੂੰ ਅਸੀਂ ਆਪ ਬਿਨਾਂ ਕਿਸੇ ਦੀ ਮਦਦ ਦੇ ਹੱਲ ਕਰ ਸਕਦੇ ਹਾਂ |
ਇਹ ਲੇਖ ਸਿਰਫ਼ ਸਿਆਸਤਦਾਨਾਂ ਜਾਂ ਸਰਕਾਰਾਂ ਬਾਰੇ ਨਹੀਂ ਹੈ। ਇਹ ਸਾਡੇ ਬਾਰੇ ਹੈ, ਤੁਸੀਂ, ਮੈਂ, ਸਾਰਿਆਂ ਬਾਰੇ ਹੈ। ਅਸਲ ਤਬਦੀਲੀ ਉੱਪਰ ਤੋਂ ਹੇਠਾਂ ਨਹੀਂ ਆਉਂਦੀ ਬਲਕਿ ਹੇਠਾਂ ਤੋਂ ਉਪਰ ਵੱਲ ਜਾਂਦੀ ਹੈ। ਇਹ ਆਮ ਲੋਕਾਂ ਦੁਆਰਾ ਇੱਕ ਦੂਜੇ ਦੀ ਦੇਖਭਾਲ ਕਰਨ, ਕੰਮ ਕਰਨ, ਬੁਰਾਈ ਕਰਨ ਵਾਲੇ ਜਾਂ ਬੁਰਾਈ ਕਰਨ ਦੀ ਪ੍ਰੇਰਨਾ ਦੇਣ ਵਾਲੇ ਲੋਕਾਂ ਨੂੰ ਆਪਣੇ ਸਮਾਜ ਵਿਚੋਂ ਦੂਰ ਕਰਨ ਨਾਲ ਸ਼ੁਰੂ ਹੁੰਦੀ ਹੈ।
ਇਸ ਲਈ ਅਜੇ ਵੀ ਸਮਾਂ ਹੈ ਕਿ ਅਸੀਂ ਦੁਬਾਰਾ ਕਲਮ ਚੁੱਕੀਏ, ਸਿਰਫ਼ ਲਿਖਣ ਲਈ ਨਹੀਂ, ਸਗੋਂ ਸੋਚਣ, ਮਹਿਸੂਸ ਕਰਨ ਅਤੇ ਆਪਣੇ ਆਪ ਨੂੰ ਜਗਾਉਣ ਲਈ। ਤਾਂਕਿ ਕਿਸੇ ਨੂੰ ਬੰਦੂਕ ਚੁੱਕਣ ਦੀ ਜਰੂਰਤ ਹੀ ਨਾਂ ਪਵੇ |
ਅਰਵਿੰਦਰ ਸਿੰਘ ਯੂ ਕੇ
Comments
Post a Comment