ਕਰਮ ਬੰਧਨ ਤੋਂ ਮੁਕਤੀ
ਮਨ ਤੇ ਮੰਤਰ
ਮੰਤਰ ਦੀ ਸਾਨੂੰ ਕੀ ਲੋੜ ਹੈ ? ਮੰਤਰ ਕਿਵੇਂ ਸਾਡੀ ਸਹਾਇਤਾ ਕਰਦਾ ਹੈ ? ਮੰਤਰ ਇੱਕ ਐਸਾ ਅਨੂਠਾ ਸ਼ਬਦ ਹੈ, ਵਾਕ ਹੈ ਜਿਸਨੂੰ ਜਦੋਂ ਪੂਰੀ ਤਰ੍ਹਾਂ ਸਮਝ ਕੇ ਧਾਰਨ ਕਰ ਲਿਆ ਜਾਵੇ, ਵਿਧੀ ਅਨੁਸਾਰ ਉਸਨੂੰ ਕੀਤਾ ਜਾਵੇ ਤਾਂ ਇਹ ਤੁਹਾਡੇ ਮਨ ਦੀ ਹਰ ਪੀੜਾ, ਵੇਦਨਾ, ਸੰਤਾਪ ਭਾਵੇਂ ਉਹ ਸਰੀਰਕ ਹੋਵੇ ਭਾਵੇਂ ਮਾਨਸਿਕ ਕਿਉਂ ਨਾ ਹੋਵੇ ਉਸ ਤੋਂ ਛੁਟਕਾਰਾ ਦੁਆ ਦਿੰਦਾ ਹੈ | ਵਾਸਤਵ ਵਿੱਚ ਇਹ ਤੁਹਾਡਾ ਮਨ ਹੀ ਹੈ ਜਿਹੜਾ ਤੁਹਾਡੇ ਤੇ ਸਤਿ (ਪਰਮਾਤਮਾ) ਵਿੱਚ ਇੱਕ ਪੜਦਾ ਹੈ, ਮਨ ਸਦਾ ਹੀ ਖੇਰੂੰ ਰਹਿੰਦਾ ਹੈ, ਸਦਾ ਹੀ ਵੀਕੀਰਣ ਰਹਿੰਦਾ ਹੈ |
ਮੰਤਰ ਸੰਸਕ੍ਰਿਤ ਦਾ ਸ਼ਬਦ ਹੈ ਜਿਹੜਾ "ਮਨ" ਤੋਂ ਲਿਆ ਗਿਆ ਹੈ ਉਸ ਦੇ ਨਾਲ "ਰਾਰਾ" ਜੋੜ ਕੇ ਉਸ ਦਾ ਭਾਵ ਮੁਕਤੀ, ਸੁਤੰਤਰਤਾ ਬਣ ਗਿਆ ਜਿਸ ਦਾ ਅਰਥ ਹੈ ਉਹ ਸ਼ਬਦ ਜਿਹੜਾ ਮੁਕਤ ਹੋਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ, ਸੰਤਾਪਾਂ ਦੇ ਬੰਧਨ ਤੋਂ ਛੁਟਕਾਰਾ ਦੁਆਉਂਦਾ ਹੈ | ਮੰਤਰ ਇੱਕ ਮਾਨਸਿਕ ਆਕਾਰ ਹੈ ਰੂਪ ਹੈ, ਪ੍ਰਤੀਬਿੰਬ ਹੈ, ਇਹ ਉਹ ਸ਼ਕਤੀ ਹੈ ਜਿਹੜੀ ਤੁਹਾਨੂੰ ਸਰਬ ਵਿਆਪਕ ਚੁੱਪ ਤੱਕ ਸਰਬ ਵਿਆਪਕ ਦੇ ਪਸਾਰੇ ਤੱਕ ਲੈ ਜਾਂਦੀ ਹੈ |
ਸਭ ਤੋਂ ਪਹਿਲਾਂ ਸ਼ਬਦ ਹੀ ਸੀ, ਸ਼ਬਦ ਵਾਹਿਗੁਰੂ ਕੋਲ ਸੀ, ਸ਼ਬਦ ਤੋਂ ਹੀ ਉਤਪਤੀ ਹੋਈ ਮਾਸ ਬਣਿਆ, ਮਾਸ ਦੇ ਭਾਂਡੇ ਬਣੇ | ਸ਼ਬਦ ਦਾ ਉਦੇ ਸਤਿ ਤੇ ਸ਼ਕਤੀ ਤੋਂ ਹੋਇਆ | ਮੰਤਰ ਦਾ ਸਰੋਤ ਰਿਸ਼ੀਆਂ ਮੁਨੀਆਂ ਨੇ ਉਦੋਂ ਲੱਭਿਆ ਜਾਂ ਕਹਿ ਲਓ ਰਿਸ਼ੀਆਂ ਮੁਨੀਆਂ ਨੂੰ ਉਦੋਂ ਪ੍ਰਗਟ ਹੋਇਆ ਜਦੋਂ ਉਹ ਪਰਾ ਚੇਤਨਾ ਦੇ ਅਨੁਭਵ ਵਿੱਚ ਲੀਨ ਸਨ ਜਦੋਂ ਅਸੀਂ ਸਰੋਤ ਨੂੰ ਦੇਖਦੇ ਹਾਂ ਤਾਂ ਸ਼ਬਦ ਦਾ ਇਕ ਤਰ੍ਹਾਂ ਨਾਲ ਕੋਈ ਅਰਥ ਨਹੀਂ ਹੁੰਦਾ, ਅਰਥ ਬਣਦਾ ਹੈ, ਭਾਵਨਾ ਨਾਲ ਜਿਹੜੀ ਭਾਵਨਾ ਉਸ ਨਾਲ ਜੋੜੀ ਜਾਵੇ, ਜਿਹੜਾ ਉਦੇਸ਼ ਉਸ ਨਾਲ ਜੋੜਿਆ ਜਾਏ | ਜੇਕਰ ਕੇਵਲ ਇੱਕ ਸ਼ਬਦ ਇੱਕ ਧੁਨ ਜੇ ਕੋਈ ਅਧਿਆਪਕ ਸ਼ਿਸ਼ ਨੂੰ ਦੇ ਦੇਵੇ ਉਸ ਨਾਲ ਆਤਮ ਸਿੱਧੀ ਨਹੀਂ ਪ੍ਰਾਪਤ ਹੁੰਦੀ | ਇਹ ਜਰੂਰ ਹੈ ਕਿ ਚੇਤਨਾ ਦੇ ਪੱਧਰ ਤੇ ਅਚੇਤ ਮਨ ਨੂੰ ਇੱਕ ਕੋਮਲਤਾ ਇੱਕ ਨਿਰਮਲਤਾ ਜਰੂਰ ਮਹਿਸੂਸ ਹੋ ਸਕਦੀ ਹੈ |
ਜੋ ਵੀ ਹੈ ਇੱਕ ਧੁਨੀ ਤੁਹਾਨੂੰ ਜੀਵਨ ਦੇ ਦੂਸਰੇ ਪਾਰ ਨਹੀਂ ਲੈ ਜਾ ਸਕਦੀ | ਮੰਤਰ ਨਾਲ ਉਸ ਦਾ ਅਰਥ, ਭਾਵਨਾ, ਉਦੇਸ਼ ਇਹ ਸਭ ਜੁੜੇ ਹੋਣੇ ਚਾਹੀਦੇ ਹਨ ਅਤੇ ਸਭ ਤੋਂ ਵੱਧ ਅਭਿਆਸ ਦੀ ਲੋੜ ਹੈ, ਅਭਿਆਸ ਤੋਂ ਬਿਨਾਂ ਭਾਵਨਾ, ਉਦੇਸ਼ ਤੱਕ ਨਹੀਂ ਪਹੁੰਚਿਆ ਜਾ ਸਕਦਾ |
ਇਸ ਦੇ ਨਾਲ ਸਭ ਤੋਂ ਵੱਧ ਜਰੂਰੀ ਹੈ ਕਿ ਮੰਤਰ ਦੇ ਅਭਿਆਸ ਨਾਲ ਬਾਕੀ ਦੀਆਂ ਸ਼ੁਧਤਾ ਵੀ ਜੋੜੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਹੀ ਮੰਤਰ ਦਾ ਪੂਰਾ ਪੂਰਾ ਲਾਭ ਪ੍ਰਾਪਤ ਹੋ ਸਕਦਾ ਹੈ |
ਮੰਤਰ ਕੇਵਲ ਉਦੋਂ ਹੀ ਅਸਰ ਕਰਨਗੇ ਜਦੋਂ ਮਨ ਪਵਿੱਤਰ ਹੋਵੇ | ਇਹ ਪਰੰਪਰਾ ਉਚ ਗਿਆਨ ਤੇ ਅਨੁਭਵ ਦਾ ਹੀ ਪ੍ਰਗਟਾਵਾ ਹੈ, ਮਨੁੱਖਤਾ ਦੇ ਮਨੋ ਵਿਗਿਆਨ ਦਾ ਹੀ ਪ੍ਰਗਟਾਵਾ ਹੈ, ਇਹ ਅਨੁਭਵ ਗੁਰੂ ਦੇ ਮਾਰਗ ਦਰਸ਼ਨ ਨਾਲ ਹੀ ਪ੍ਰਾਪਤ ਹੁੰਦਾ ਹੈ ਤੇ ਨਾਲ ਹੀ ਲਗਾਤਾਰ ਅਭਿਆਸ ਨਾਲ, ਮੰਤਰ ਦੀ ਠੀਕ ਵਰਤੋਂ ਦਾ ਰਹੱਸ ਹੈ, ਅਭਿਆਸ ਤੇ ਸਵੈ ਅਨੁਸਾਸ਼ਨ ਦਾ ਠੀਕ ਮੇਲ, ਨਾਲ ਹੀ ਸ਼ੁੱਧਤਾ ਹੋਵੇ | ਮੰਤਰ ਦਾ ਜਿੰਨਾ ਅਭਿਆਸ ਕਰੋਗੇ ਉਨਾ ਹੀ ਮੰਤਰ ਦੇ ਗੁਣ ਮੰਤਰ ਦਾ ਪ੍ਰਭਾਵ ਵੱਧਦਾ ਜਾਏਗਾ, ਮੰਤਰ ਉਨਾ ਹੀ ਡੂੰਘਾ ਤੁਹਾਡੇ ਅੰਦਰ ਆ ਕੇ ਤੁਹਾਡਾ ਹਿੱਸਾ ਬਣ ਜਾਏਗਾ | ਮੰਤਰ ਤੁਹਾਨੂੰ ਉੱਪਰ ਦੀ ਸਤਿਹ ਤੋਂ ਡੂੰਘੀ ਸੱਤਾ ਤੇ ਲੈ ਜਾਵੇਗਾ, ਅੰਤ ਵਿੱਚ ਤੁਹਾਨੂੰ ਆਤਮ ਡੂੰਘਾਈਆਂ ਤੋਂ ਆਤਮਕ ਉਚਾਈਆਂ ਤੇ ਪਹੁੰਚਾ ਦੇਵੇਗਾ |
ਮੰਤਰ ਪੁਰਾਤਨ ਵਿਗਿਆਨ, ਮਨੁੱਖ ਦੇ ਉੱਚ ਗਿਆਨ, ਅਨੁਭਵ ਦਾ ਮਨੁੱਖ ਮਨੋਵਿਗਿਆਨ ਦੇ ਅਦਾਰੇ ਦਾ ਪ੍ਰਗਟਾਵਾ ਹੈ | ਇੱਕ ਆਮ ਮਨੁੱਖ ਜਿਹੜਾ ਇੱਕ ਸਿਧਾਂਤ ਨਹੀਂ ਜਾਣਦਾ ਜਿਹੜਾ ਪ੍ਰਯੋਗਸ਼ਾਲਾ ਦੇ ਨਿਯਮ ਅਨੁਭਵ ਨਹੀਂ ਜਾਣਦਾ ਉਹ ਨਹੀਂ ਸਮਝ ਸਕਦਾ, ਇਹ ਵਿਗਿਆਨ ਕੀ ਹੈ ? ਬਿਲਕੁਲ ਇਸੇ ਤਰਾਂ ਗੁਰੂ ਦੇ ਮਾਰਗ ਦਰਸ਼ਨ ਤੋਂ ਬਿਨਾਂ ਗੁਰੂ ਦੀ ਅਗੁਵਾਈ ਤੋਂ ਬਿਨਾਂ ਮੰਤਰ ਦੀ ਸ਼ਕਤੀ ਦਾ ਅਨੁਭਵ ਨਹੀਂ ਕੀਤਾ ਜਾ ਸਕਦਾ, ਇਸ ਪ੍ਰਣਾਲੀ ਦਾ ਪਤਾ ਨਹੀਂ ਲੱਗ ਸਕਦਾ | ਜਦੋਂ ਮੰਤਰ ਦੀ ਵਰਤੋਂ ਇੱਕ ਸਮਰਥ ਗੁਰੂ ਦੇ ਨਾਲ ਉਸ ਦੀ ਅਗੁਵਾਈ ਹੇਠ ਕੀਤੀ ਜਾਂਦੀ ਹੈ ਮੰਤਰ ਉਦੋਂ ਹੀ ਮਨ ਨੂੰ ਸ਼ਾਂਤ ਕਰਨ ਦਾ ਇੱਕ ਮਾਤਰ ਸਾਧਨ ਬਣ ਜਾਂਦਾ ਹੈ ਤੇ ਮਨ ਪੂਰੀ ਤਰ੍ਹਾਂ ਨਾਲ ਇਕਾਗਰ ਹੋ ਜਾਂਦਾ ਹੈ |
ਸਾਧਾਰਨ ਤੌਰ ਤੇ ਸਾਡੇ ਜੀਵਨ ਵਿੱਚ ਕੋਈ ਨਾ ਕੋਈ ਇਹੋ ਜਹੀ ਹਸਤੀ ਹੁੰਦੀ ਹੈ, ਜਿਸ ਕੋਲੋਂ ਅਸੀਂ ਸਹਾਇਤਾ ਲੈ ਸਕਦੇ ਹਾਂ, ਕੋਈ ਅਧਿਆਪਕ, ਮਨੋਵਿਗਿਆਨਕ, ਪਤਨੀ, ਕੋਈ ਮਿੱਤਰ | ਹਾਂ ਪਰ ਉਹ ਵੀ ਸਮਾਂ ਹੁੰਦਾ ਹੈ ਜਦੋਂ ਕੋਈ ਵੀ ਸਾਡੀ ਸਹਾਇਤਾ ਨਹੀਂ ਕਰ ਸਕਦਾ, ਉਦਾਹਰਣ ਵਜੋਂ ਮਰਨ ਦੇ ਸਮੇਂ ਤੋਂ ਲੈ ਕੇ ਮੁੜ ਜੰਮਣ ਜੋ ਵੀ ਵਿੱਚ ਦਾ ਸਮਾਂ ਹੈ ਉਸ ਵਿੱਚ ਸਾਡੇ ਕੋਲ ਬੋਲਣ ਦੀ ਕੋਈ ਸ਼ਕਤੀ ਨਹੀਂ ਹੁੰਦੀ, ਸਾਡੀ ਜ਼ੁਬਾਨ ਨਹੀਂ ਹੁੰਦੀ ਅਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ | ਸਾਡਾ ਚੇਤਨ ਮਨ ਹੌਲੀ ਹੌਲੀ ਖਤਮ ਹੋ ਜਾਂਦਾ ਹੈ, ਸਾਡਾ ਅਚੇਤ ਮਨ ਜਿਸ ਵਿੱਚ ਸਾਰਾ ਕੁਝ ਇਕੱਠਾ ਕੀਤਾ ਪਿਆ ਹੈ, ਸਾਡੀਆਂ ਚੰਗੀਆਂ ਅਤੇ ਮਾੜੀਆਂ ਗੱਲਾਂ ਕਰਨ ਸਮੇਂ ਪੂਰੀ ਤਰਾਂ ਸੁਚੇਤ ਹੋ ਜਾਂਦਾ ਹੈ |
ਚੇਤਨ ਮਨ ਤਾਂ ਮਨ ਦਾ ਬਹੁਤ ਥੋੜ੍ਹਾ ਜਿਹਾ ਭਾਗ ਹੈ | ਅਚੇਤ ਮਨ ਬਾਰੇ ਤਾਂ ਬਹੁਤ ਵੱਡੇ ਵੱਡੇ ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਚੇਤਨ ਮਨ ਪੂਰੇ ਮਨ ਦਾ ਚੌਥਾ ਹਿੱਸਾ ਹੈ ਬਾਕੀ ਤਾਂ ਤਿੰਨ ਚੌਥਾਈ ਭਾਗ ਅਚੇਤ ਮਨ ਹੀ ਹੈ, ਜਿਸ ਵਿੱਚ ਯਾਦਗਾਰਾਂ ਹਨ, ਅਨੁਭਵ ਹੈ, ਸੰਵੇਗ ਹਨ, ਭੈ ਹੈ, ਕਲਪਨਾਵਾਂ ਹਨ ਤੇ ਆਕਾਰ ਹਨ |
ਮਰਨ ਤੋਂ ਲੈ ਕੇ ਮੁੜ ਜੰਮਣ ਦੇ ਸਮੇਂ ਵਿੱਚ ਸਾਡਾ ਅਚੇਤ ਮਨ ਤੇ ਅਰਥ ਅਚੇਤ ਮਨ ਹੀ ਵਧੇਰੇ ਪ੍ਰਬਲ ਹੁੰਦਾ ਹੈ ਸਾਡੇ ਮਾਨਸਿਕ ਅਨੁਭਵ ਉਹ ਹੀ ਪ੍ਰਗਟ ਕਰਦਾ ਹੈ ਉਸ ਵਿੱਚ ਪਏ ਆਕਾਰ ਤੇ ਕਲਪਨਾਵਾਂ ਹੀ ਬਾਹਰ ਆਉਂਦੀਆਂ ਹਨ | ਇਸ ਸਮੇਂ ਕੋਈ ਵੀ ਸਾਡੀ ਸਹਾਇਤਾ ਕਰਨ ਲਈ ਨਹੀਂ ਹੁੰਦਾ, ਕੋਈ ਮਿੱਤਰ ਨਹੀਂ, ਕੋਈ ਸਲਾਹਕਾਰ ਨਹੀਂ, ਇਹੋ ਹੀ ਉਹ ਸਮਾਂ ਹੈ ਜਦੋਂ ਮੰਤਰ ਸਾਡੀ ਸਹਾਇਤਾ ਕਰਦਾ ਹੈ ਜਦੋਂ ਅਸੀਂ ਆਪਨੇ ਜੀਵਨ ਵਿੱਚ (ਜਿਉਂਦੇ ਜੀਅ) ਵਿੱਚ ਮੰਤਰ ਨੂੰ ਬਾਰ ਬਾਰ ਕਰਦੇ ਹਾਂ |
ਸਾਡਾ ਅਰਧ ਚੇਤਨ ਮਨ ਤੇ ਅਚੇਤ ਮਨ ਹੌਲੀ ਹੌਲੀ ਉਸ ਨੂੰ ਅੰਦਰ ਇਕੱਠਾ ਕਰਦਾ ਰਹਿੰਦਾ ਹੈ, ਅੰਦਰ ਜਮ੍ਹਾਂ ਹੁੰਦਾ ਜਾਂਦਾ ਹੈ, ਫੇਰ ਜਦੋਂ ਲੋੜ ਪਵੇ ਇਹ ਮੰਤਰ ਪ੍ਰਗਟ ਹੁੰਦਾ ਹੈ, ਤੁਸੀਂ ਉਸ ਦੀ ਵਰਤੋਂ ਕਰਦੇ ਹੋ, ਜਦੋਂ ਤੁਸੀਂ ਔਖੇ ਵੇਲੇ ਦਾ ਸਾਹਮਣਾ ਕਰ ਰਹੇ ਹੋਵੋ, ਉਸ ਸਮੇਂ ਫੇਰ ਇਹ ਮੰਤਰ ਤੁਹਾਡਾ ਮਾਰਗ ਦਰਸ਼ਨ ਕਰਦਾ ਹੈ, ਮਰਨ ਤੇ ਮੁੜ ਜੰਮਣ ਦੇ ਸਮੇਂ ਮੰਤਰ ਸਾਡੀ ਸਹਾਇਤਾ ਕਰਕੇ ਸਾਡੇ ਅਚੇਤ ਮਨ ਦੇ ਆਕਾਰ ਤੋਂ ਛੁਟਕਾਰਾ ਕਰ ਕੇ ਸਾਨੂੰ ਉਨ੍ਹਾਂ ਦੇ ਪ੍ਰਭਾਵ ਥੱਲੇ ਆਉਣ ਤੋਂ ਬਚਾਉਂਦਾ ਹੈ | ਇਸ ਸਮੇਂ ਮੰਤਰ ਜਿਸ ਤਰ੍ਹਾਂ ਨਾਲ ਤੁਹਾਡੀ ਸਹਾਇਤਾ ਕਰਦਾ ਹੈ ਤੁਹਾਡਾ ਮਾਰਗ ਦਰਸ਼ਨ ਕਰਦਾ ਹੈ ਉਸ ਤਰ੍ਹਾਂ ਨਾਲ ਕੋਈ ਮਿੱਤਰ ਕੋਈ ਆਗੂ ਕੋਈ ਅਧਿਆਪਕ ਵੀ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ |
ਮੈਡੀਟੇਸ਼ਨ ਕਰਦਿਆਂ ਸਾਨੂੰ ਆਪਨੇ ਮਨ ਨੂੰ ਚੰਗੀ ਤਰ੍ਹਾਂ ਨਾਲ ਦੇਖ ਲੈਣਾ ਚਾਹੀਦਾ ਹੈ ਤਾਂ ਜੋ ਮੰਤਰ ਚੰਗੀ ਤਰ੍ਹਾਂ ਨਾਲ ਸਾਡੀ ਸਹਾਇਤਾ ਕਰ ਸਕੇ | ਮੈਡੀਟੇਸ਼ਨ ਦਾ ਪਹਿਲਾ ਕੰਮ ਹੈ ਮਨ ਨੂੰ ਸਾਫ਼ ਕਰਨਾ | ਅਸੀਂ ਸਾਰੇ ਇਹ ਚੰਗੀ ਤਰਾਂ ਜਾਣਦੇ ਹਾਂ ਕਿ ਅਸੀਂ ਸਾਰੇ ਸੋਚਦੇ ਹਾਂ ਪਰ ਇਹ ਨਹੀਂ ਜਾਣਦੇ ਸਾਡੀ ਸੋਚ ਦਾ ਕਾਰਣ ਕੀ ਹੈ ? ਇਸ ਦਾ ਸਰੋਤ ਕੀ ਹੈ ? ਕਿਥੋਂ ਸਾਡੀ ਸੋਚ ਉਤਪੰਨ ਹੁੰਦੀ ਹੈ | ਆਪਨੇ ਸੋਚਣ ਦੇ ਤਰੀਕੇ ਨੂੰ ਆਪਣੀ ਸੋਚ ਨੂੰ ਜਾਂਚਣਾ ਬੜਾ ਜਰੂਰੀ ਹੈ, ਕੀ ਸੋਚਦੇ ਹੋ ਇਹ ਵੀ ਜਾਨਣਾ ਬਹੁਤ ਹੀ ਜਰੂਰੀ ਹੈ, ਸਾਨੂੰ ਆਪਣੇ ਆਪ ਤੱਕ ਪਹੁੰਚਣ ਲਈ ਆਪਣੇ ਆਪ ਨੂੰ ਜਾਨਣ ਲਈ ਮਨ ਨੂੰ ਸ਼ੁੱਧ ਕਰਨਾ ਬਹੁਤ ਹੀ ਜਰੂਰੀ ਹੈ |
ਸਾਧਾਰਨ ਤੌਰ ਤੇ ਅਸੀਂ ਦੂਸਰਿਆਂ ਦੇ ਸਾਹਮਣੇ ਆਪਣੇ ਆਪ ਨੂੰ ਬਹੁਤ ਚੰਗੀ ਤਰਾਂ ਨਾਲ ਪ੍ਰਗਟ ਕਰਦੇ ਹਾਂ, ਆਪਣਾ ਸਭ ਤੋਂ ਵਧੀਆ ਪਾਸਾ ਦਿਖਾਉਂਦੇ ਹਾਂ, ਪਰ ਦੁਖ ਇਸ ਗੱਲ ਦਾ ਹੈ ਕਿ ਅਸੀਂ ਇਹ ਨਹੀਂ ਜਾਣਦੇ ਕਿ ਅਸੀਂ ਦੂਸਰਿਆਂ ਦੇ ਸਾਮ੍ਹਣੇ ਕਿਵੇਂ ਆਪਣੇ ਆਪ ਨੂੰ ਅਰਪਣ ਕਰੀਏ, ਅਸੀਂ ਸਦਾ ਹੀ ਆਪਣੇ ਆਪ ਨੂੰ ਮਨ ਨਾਲ ਜੋੜਦੇ ਰਹਿੰਦੇ ਹਾਂ, ਆਪਣੀਆਂ ਯਾਦਾਂ ਨਾਲ ਜੋੜਦੇ ਰਹਿੰਦੇ ਹਾਂ |
ਜਿਹੜੀਆਂ ਗੱਲਾਂ ਜਿਹੜੀਆਂ ਯਾਦਾਂ ਸਾਨੂੰ ਦੁੱਖ ਦਿੰਦਿਆਂ ਹਨ ਉਹ ਦੂਸਰਿਆਂ ਤੋਂ ਛੁਪੀਆਂ ਹੀ ਰਹਿੰਦੀਆਂ ਹਨ, ਪਰ ਸਾਨੂੰ ਉਹ ਦਿਸਦੀਆਂ ਹੀ ਰਹਿੰਦੀਆਂ ਹਨ ਤੇ ਤੰਗ ਕਰਦੀਆਂ ਹੀ ਰਹਿੰਦੀਆਂ ਹਨ | ਮੈਡੀਟੇਸ਼ਨ ਨਾਲ ਅਸੀਂ ਇਨ੍ਹਾਂ ਉੱਤੇ ਕਾਬੂ ਪਾ ਸਕਦੇ ਹਾਂ ਤੇ ਪਾ ਵੀ ਲੈਂਦੇ ਹਾਂ, ਫੇਰ ਅਸੀਂ ਇਨ੍ਹਾਂ ਨੂੰ ਕੇਵਲ ਦੇਖਦੇ ਹਾਂ ਇੱਕ ਤਰ੍ਹਾਂ ਨਾਲ ਸਾਕਸ਼ੀ ਹੁੰਦੇ ਹਾਂ ਫੇਰ ਹੌਲੀ ਹੌਲੀ ਇਹ ਸਮੱਸਿਆਵਾਂ ਫਿੱਕੀਆਂ ਪੈਂਦੀਆਂ ਜਾਂਦੀਆਂ ਹਨ |
ਸਾਡੇ ਮਨ ਵਿੱਚ ਯਾਦਾਂ ਦੀ ਪਰਤ ਬਣੀ ਹੋਈ ਹੈ ਜਿਥੇ ਅਸੀਂ ਆਪਣੇ ਸੰਸਕਾਰ ਦੇ ਬੀਜ ਬੀਜਦੇ ਹਾਂ, ਇਸ ਤਹਿ ਤੋਂ ਬਿਨਾਂ, ਇਸ ਪਰਤ ਤੋਂ ਬਿਨਾਂ, ਮਨ ਦੀ ਨਦੀ ਨਹੀਂ ਚੱਲ ਸਕਦੀ, ਨਾਂ ਹੀ ਵਹਿ ਸਕਦੀ ਹੈ | ਇਸੇ ਸਤਾ ਤੋਂ, ਇਸੇ ਪਰਤ ਤੋਂ ਯਾਦਾਂ ਉਠਦੀਆਂ ਹਨ, ਚਿੰਨ ਉਠਦੇ ਹਨ, ਮਨ ਤੇ ਪਏ ਨਿਸ਼ਾਨ ਉਠਦੇ ਹਨ ਜਿਹੜੇ ਸਾਨੂੰ ਦੁਖੀ ਕਰਦੇ ਹਨ, ਅਸ਼ਾਂਤ ਕਰਦੇ ਹਨ, ਜਦੋਂ ਅਸੀਂ ਮੈਡੀਟੇਸ਼ਨ ( ਆਤਮ ਚਿੰਤਨ, ਸਿਮਰਨ ) ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਚੇਤਨ ਮਨ ਨੂੰ ਸ਼ਾਂਤ ਕਰਦੇ ਹਾਂ ਤਾਂ ਜੋ ਇਹ ਪ੍ਰਭਾਵ ਇਹ ਸੰਸਕਾਰ ਉੱਪਰ ਆ ਕੇ ਮਨ ਵਿਚੋਂ ਨਿਕਲ ਜਾਣ, ਸਾਨੂੰ ਫੇਰ ਅਸ਼ਾਂਤ ਨਾ ਕਰਨ | ਉਸ ਤੋਂ ਬਾਅਦ ਅਸੀਂ ਡੂੰਘੀਆਂ ਯਾਦਾਂ ਨਾਲ ਨਿਬੜਦੇ ਹਾਂ ਜਿਹੜੀਆਂ ਅਚੇਤ ਮਨ ਵਿੱਚ ਪਈਆਂ ਹਨ ਤੇ ਸਾਡਾ ਉਨ੍ਹਾਂ ਨਾਲ ਕੋਈ ਵਾਹ ਨਹੀਂ, ਕੋਈ ਵਾਸਤਾ ਨਹੀਂ | ਸਾਡੀ ਸਿਖਿਆ ਕੇਵਲ ਸਾਨੂੰ ਚੇਤਨ ਮਨ ਨਾਲ ਨਿਬੜਨਾ ਹੀ ਸਿਖਾਉਂਦੀ ਹੈ, ਪਰ ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਤਾਂ ਪੂਰਾ ਮਨ ਉਸ ਵਿੱਚ ਹੁੰਦਾ ਹੈ | ਜਦੋਂ ਚੇਤਨ ਮਨ ਸ਼ਾਂਤ ਹੋ ਜਾਂਦਾ ਹੈ ਫੇਰ ਅਸੀਂ ਮਨ ਦੇ ਸਾਰੇ ਹਿੱਸਿਆਂ ਨੂੰ ਇੱਕ ਕਰਨਾ ਸਿੱਖ ਲੈਂਦੇ ਹਾਂ, ਉਨ੍ਹਾਂ ਨੂੰ ਇੱਕ ਕਰਕੇ ਇਕਾਗਰ ਕਰ ਲੈਂਦੇ ਹਾਂ ਇਸੇ ਨੂੰ ਮਨ ਦਾ ਏਕੀਕਰਨ ਕਰਨਾ, ਇੱਕ ਬਿੰਦੂ ਤੇ ਲਿਆਣਾ, ਇੱਕ ਪੁਆਇੰਟ ਤੇ ਲਿਆਉਣਾ ਕਹਿੰਦੇ ਹਨ |
ਚੇਤਨ ਮਨ ਜਗਤ ਅਵਸਥਾ ਵਿੱਚ ਵਰਤਿਆ ਜਾਂਦਾ ਹੈ, ਕਈ ਵਾਰੀ ਚੇਤਨ ਮਨ ਵੀ ਸੌਂ ਜਾਂਦਾ ਹੈ, ਅਸੀਂ ਬੇਧਿਆਨੇ ਹੋ ਜਾਂਦੇ ਹਾਂ, ਇਸੇ ਕਰਕੇ ਮੈਡੀਟੇਸ਼ਨ ਕਰਨ ਦਾ ਬਹੁਤ ਹੀ ਲਾਭ ਹੈ | ਮਨ ਵਿੱਚ ਮੰਤਰ ਜਾਪ ਕਰਦੇ ਰਹਿਣਾ, ਚੁੱਪ ਰਹਿ ਕੇ ਮੰਤਰ ਜਪਦੇ ਰਹਿਣਾ, ਆਪਣੇ ਆਪ ਨਾਲ ਅੰਦਰ ਵਾਰਤਾਲਾਪ ਕਰਦੇ ਰਹਿਣਾ, ਇਸ ਨਾਲ ਤੁਸੀਂ ਆਪਣੇ ਅੰਦਰ ਦਾ ਵਿਸ਼ਲੇਸ਼ਣ ਕਰਦੇ ਹੋ ਇਸ ਤਰ੍ਹਾਂ ਨਾਲ ਹੌਲੀ ਹੌਲੀ ਸੰਕਲਪ ਕਰਦੇ ਹਾਂ, ਭਾਵ ਅਚੇਤ ਮਨ ਵਿੱਚ ਦ੍ਰਿੜਤਾ ਲਿਆਉਂਦੇ ਹੋ, ਸੰਕਲਪ ਨਾਲ ਤੁਸੀਂ ਆਪਣੇ ਆਪ ਤੇ ਕਾਬੂ ਕਰਦੇ ਹੋ, ਚੇਤਨ ਮਨ ਨੂੰ ਸ਼ਾਂਤ ਕਰਦੇ ਹੋ, ਪੂਰਾ ਮਨ ਇਸ ਤਰਾਂ ਸਾਧਿਆ ਜਾਂਦਾ ਹੈ, ਪੂਰੇ ਚੇਤਨ ਮਨ ਨੂੰ ਤੁਸੀਂ ਜਾਣ ਜਾਂਦੇ ਹੋ |
ਸਾਧਾਰਣ ਪੱਖੋਂ ਮਨੁੱਖੀ ਚੇਤਨਾ ਦੀਆਂ ਤਿੰਨ ਅਵਸਥਾ ਹੁੰਦੀਆਂ ਹਨ ਜਿਹੜੀਆਂ ਅਸੀਂ ਪਹਿਲਾਂ ਦੱਸ ਆਏ ਹਾਂ, ਜਾਗਤ, ਸੁਪਨ, ਨੀਂਦ | ਪੁਰਾਤਨ ਸਮੇਂ ਦੇ ਰਿਸ਼ੀਆਂ ਮੁਨੀਆਂ ਨੇ ਚੌਥੀ ਅਵਸਥਾ ਵਿੱਚ ਜਾਣਾ ਅਵਸ਼ੱਕ ਸਮਝਿਆ, ਉਹ ਹੈ ਸੁਤੇ ਬਿਨਾਂ ਸੌਣਾ ਭਾਵ ਸਮਾਧੀ |
ਇਸ ਚੌਥੀ ਅਵਸਥਾ ਵਿੱਚ ਹੀ ਤੁਸੀਂ ਸਮਾਚਿੱਤ ਹੁੰਦੇ ਹੋ, ਵਾਸਤਵ ਵਿੱਚ ਇਸ ਸਮਾਚਿੱਤ ਅਵਸਥਾ ਨੂੰ ਪ੍ਰਾਪਤ ਕਰਨ ਲਈ ਹੀ ਮੈਡੀਟੇਸ਼ਨ ਦਾ ਅਭਿਆਸ ਕੀਤਾ ਜਾਂਦਾ ਹੈ | ਹੌਲੀ ਹੌਲੀ ਅਸੀਂ ਇਹ ਸਿੱਖ ਜਾਂਦੇ ਹਾਂ ਕਿ ਜਦੋਂ ਮੈਡੀਟੇਸ਼ਨ ਕਰਦਿਆਂ ਕੋਈ ਵਿਚਾਰ ਜਾਂ ਚੀਜ਼ ਆਏ ਉਸ ਤੋਂ ਅਸ਼ਾਂਤ ਨਹੀਂ ਹੋਣਾ | ਅਸੀਂ ਕੇਵਲ ਇਹ ਹੀ ਸਿੱਖਣਾ ਹੈ ਕਿ ਅਸੀਂ ਇਹੋ ਜਿਹੇ ਵਿਚਾਰਾਂ ਨੂੰ ਕੇਵਲ ਦੇਖਣਾ ਹੈ, ਉਨ੍ਹਾਂ ਦੇ ਸਾਕਸ਼ੀ ਰਹਿਣਾ ਹੈ, ਇਨ੍ਹਾਂ ਵਿਚਾਰਾਂ ਨੂੰ ਚੁੱਪ ਚਾਪ ਲੰਘਣ ਦੇਣਾ ਹੈ | ਇਸ ਤਰ੍ਹਾਂ ਕਰਨ ਲਈ ਸਾਨੂੰ ਅਭਿਆਸ ਦੀ ਲੋੜ ਹੈ, ਧੀਰਜ ਦੀ ਲੋੜ ਹੈ, ਲੋੜ ਹੈ ਆਪਣੀ ਸੋਚ ਨੂੰ ਜਾਂਚਣ ਦੀ | ਸਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ, ਜੋ ਕੁਝ ਵੀ ਸਾਡੇ ਮਨ ਵਿੱਚ ਹੈ, ਚੱਲਦਾ ਹੈ, ਉਹ ਅਸੀਂ ਆਪ ਹੀ ਬਣਾਇਆ ਹੈ, ਸਾਡਾ ਹੀ ਸਿਰਜਿਆ ਹੋਇਆ ਹੈ | ਇਹ ਗੱਲ ਬਿਲਕੁਲ ਠੀਕ ਨਹੀਂ ਹੋਵੇਗੀ ਕਿ ਅਸੀਂ ਆਪਣੇ ਵਿਚਾਰਾਂ ਦੇ ਜਿੰਮੇਵਾਰ ਦੂਸਰਿਆਂ ਨੂੰ ਬਣਾਈਏ ਤੇ ਉਨ੍ਹਾਂ ਨੂੰ ਦੋਸ਼ ਦੇਈਏ | ਨਾ ਹੀ ਇਹ ਗੱਲ ਠੀਕ ਹੈ ਕਿ ਜੋ ਕੁਝ ਵੀ ਅੱਜ ਤੋਂ ਪੰਜ ਸਾਲ ਪਹਿਲਾਂ ਹੋ ਗਿਆ ਉਸਨੂੰ ਲੈ ਕੇ ਬੈਠ ਜਾਈਏ, ਉਹ ਜੋ ਹੋਣਾ ਸੀ ਹੋ ਚੁੱਕਾ, ਉਹ ਸਾਡਾ ਵਰਤਮਾਨ ਨਹੀਂ ਹੈ |
ਉਨ੍ਹਾਂ ਲਈ ਚਿੰਤਾ ਕਰਨੀ, ਸਾਨੂੰ ਕਿਸੇ ਵੀ ਪ੍ਰਕਾਰ ਵੀ ਲਾਭਕਾਰੀ ਨਹੀਂ ਹੋ ਸਕਦੀ | ਸਾਨੂੰ ਚਾਹੀਦਾ ਹੈ ਜਿਹੜੇ ਵੀ ਬੁਲਬੁਲੇ, ਜਿਹੜੇ ਵੀ ਵਿਚਾਰ, ਮਨ ਵਿੱਚ ਆਉਂਦੇ ਹਨ ਉਨ੍ਹਾਂ ਨੂੰ ਆਉਣ ਦਈਏ, ਉਹ ਹੌਲੀ ਹੌਲੀ ਆਪੇ ਹੀ ਖਤਮ ਹੋ ਜਾਣਗੇ | ਆਪਣੇ ਵਿਚਾਰਾਂ ਨਾਲ ਕਦੀ ਲੜਾਈ ਨਾ ਕਰੋ, ਇਸ ਤਰਾਂ ਕਰਨ ਨਾਲ ਤੁਹਾਡੀ ਮੈਡੀਟੇਸ਼ਨ ਵਿੱਚ ਬਾਧਾ ਪੈ ਸਕਦੀ ਹੈ | ਕੇਵਲ ਹਰ ਇੱਕ ਵਿਚਾਰ ਨੂੰ ਦੇਖੋ, ਨਿਰਣੇ ਕਰੋ, ਸ਼ਾਂਤੀ ਨਾਲ ਇਸ ਸਭ ਕੁਝ ਦੇ ਸਾਕਸ਼ੀ (ਗਵਾਹ) ਬਣੇ ਰਹੋ | ਮੈਡੀਟੇਸ਼ਨ ਕਰੋ, ਵਿਚਾਰਾਂ ਨਾਲ ਲੜੋ ਨਹੀਂ |
ਸਭ ਤੋਂ ਪਹਿਲਾਂ ਅਸੀਂ ਆਪਣੇ ਮਨ ਦਾ ਨਰੀਖਣ ਕਰਦੇ ਹਾਂ ਉਸ ਦੀ ਪੜਤਾਲ ਕਰਦੇ ਹਾਂ, ਅਸੀਂ ਇਥੋਂ ਸ਼ੁਰੂ ਕਰਦੇ ਹਾਂ | ਪਹਿਲਾਂ ਅਸੀਂ ਦੇਖਦੇ ਹਾਂ ਕਿ ਇਹ ਤਾਂ ਸਾਡਾ ਮਨ ਹੈ, ਕਿਉਂਕਿ ਅਸੀਂ ਸੋਚਦੇ ਹਾਂ | ਬੜੀ ਛੇਤੀ ਅਸੀਂ ਇਹ ਜਾਣ ਜਾਂਦੇ ਹਾਂ ਕਿ ਅਸੀਂ ਸੋਚਦੇ ਕੁਝ ਹੋਰ ਹਾਂ ਭਾਵ ਅਸੀਂ ਦੋਨੋਂ ਇੱਕ ਨਹੀਂ ਵਿਸ਼ਲੇਸ਼ਨ ਕਰਕੇ, ਨਰੀਖਣ ਕਰਕੇ ਅਸੀਂ ਇਹ ਭੇਦ ਜਾਣ ਜਾਂਦੇ ਹਾਂ ਕਿ ਸੋਚਦਾ ਕੌਣ ਹੈ ਤੇ ਸੋਚਣ ਦੀ ਵਿਧੀ ਕੀ ਹੈ | ਤੁਸੀਂ ਆਪਣੇ ਆਪ ਨੂੰ ਕਹਿ ਸਕਦੇ ਹੋ, ਮੇਰਾ ਸਰੀਰ ਮੇਰੇ ਤੋਂ ਵੱਖ ਹੈ, ਮੇਰੀਆਂ ਇੰਦਰੀਆਂ ਮੇਰੇ ਤੋਂ ਵੱਖ ਹਨ, ਮੇਰਾ ਮਨ ਮੇਰੇ ਤੋਂ ਅੱਡ ਹੈ |
ਇਹ ਜੋ ਕੁਝ ਵੀ ਹੈ ਇਹ ਇਸ ਤਰਾਂ ਹੈ ਜਿਵੇਂ ਮੈਂ ਵੱਖ ਵੱਖ ਕਪੜੇ ਪਾਏ ਹੋਣ | ਮੈਂ ਭਾਵੇਂ ਇਹ ਕਪੜੇ ਉਤਾਰ ਕੇ ਸੁੱਟ ਦਿਆਂ, ਪਰ ਮੇਰੀ ਤਦਰੂਪਤਾ ਕਦੀ ਖਤਮ ਨਹੀਂ ਹੋ ਸਕਦੀ, ਤੁਹਾਡੀਆਂ ਭਾਵੇਂ ਬਹੁਤ ਸਾਰੀਆਂ ਚੀਜ਼ਾਂ, ਗੱਲਾਂ ਖਤਮ ਹੋ ਜਾਣ ਤੁਸੀਂ ਛੱਡ ਦਿਓ, ਪਰ ਤੁਹਾਡਾ ਆਪਣਾ ਆਪ ਖਤਮ ਨਹੀਂ ਹੋ ਸਕਦਾ, ਤੁਸੀਂ ਸਦਾ ਹੀ, '' ਮੈਂ '' ਤੇ ਉਹ ਮੈਂ ਮੇਰੀ ਜੋ ਸੋਚਦੀ ਹੈ, ਮੇਰਾ ਜੋ ਹੈ ਇਨ੍ਹਾਂ ਦੋਨਾਂ ਦਾ ਭੇਦ ਵੀ ਜਾਣਦੇ ਹੋ | ਜੇ ਤੁਹਾਨੂੰ ਆਪਣੇ ਆਪ ਤੇ ਕਾਬੂ ਨਹੀਂ, ਕੰਟਰੋਲ ਨਹੀਂ ਤਾਂ ਤੁਸੀਂ ਕੇਵਲ ਇੱਕ ਗੁਲਾਮ ਹੋ | ਮੁਕਤ ਹੋਣ ਦਾ ਸਭ ਤੋਂ ਪਹਿਲੀ ਪੌੜੀ ਕੰਟਰੋਲ ਕਰਨ ਦੀ ਪਹਿਲੀ ਪੌੜੀ ਹੈ ਸਵੈ ਪ੍ਰੇਖਣ |
ਜਦੋਂ ਤੁਸੀਂ ਆਪਣੇ ਆਪ ਨੂੰ ਦੇਖਦੇ ਹੋ, ਸਵੈ ਪ੍ਰੇਖਣ ਕਰਦੇ ਹੋ ਤੁਸੀਂ ਦੇਖਦੇ ਹੋ ਮਨ ਵਿੱਚ ਵਿਚਾਰਾਂ ਦੀ ਇੱਕ ਲੜੀ ਹੈ, ਇੱਕ ਨਦੀ ਵਹਿ ਰਹਿ ਹੈ | ਜਿਹੜੀ ਵਹਿੰਦੀ ਹੀ ਜਾ ਰਹੀ ਹੈ | ਇਸ ਵਿੱਚ ਚਿੰਨ ਹਨ, ਵਿਚਾਰ ਹਨ, ਕਲਪਨਾਵਾਂ ਹਨ, ਅਨੋਖੇ ਵਿਚਾਰ ਹਨ, ਵਹਿਮ ਹਨ, ਕਲਪਿਤ ਚਿੱਤਰ ਹਨ | ਅਸੀਂ ਆਪਣੇ ਆਪ ਨੂੰ ਇਨ੍ਹਾਂ ਨਾਲ ਜੋੜ ਲੈਂਦੇ ਹਾਂ ਤੇ ਮਹਿਸੂਸ ਕਰਦੇ ਹਾਂ ਇਹ ਸਾਡਾ ਹਿੱਸਾ ਹਨ, ਇੱਕ ਪਾਸੇ ਅਸੀਂ ਇਹ ਜਾਣਦੇ ਵੀ ਹਾਂ ਕਿ ਇਹ ਸਾਡੇ ਤੋਂ ਅੱਡ ਹਨ, ਫਰਕ ਹਨ, ਇਹ ਇੱਕ ਅਲੱਗ ਸੱਚਾਈ ਹੈ |
ਅਸੀਂ ਇਹ ਜਾਣਦੇ ਹਾਂ ਕਿ ਸਾਡੇ ਅੰਦਰ ਕੁਝ ਹੈ, ਸਾਡੀ ਉਹ ਪਹਿਚਾਨ ਜਿਹੜੀ ਦੂਸਰਿਆਂ ਤੋਂ ਵੱਖਰੀ ਹੈ, ਅਨੋਖੀ ਹੈ, ਸਾਰੇ ਮਾਨਸਿਕ ਤੱਤ ਤੋਂ ਵੱਖ ਹੈ | ਅਸੀਂ ਇਸ ਗੱਲ ਨੂੰ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਨਾ ਦੇਖ ਸਕਦੇ ਹਾਂ, ਨਾ ਮਹਿਸੂਸ ਕਰ ਸਕਦੇ ਹਾਂ, ਜਦੋਂ ਸਾਡੀਆਂ ਇੰਦਰੀਆਂ ਕੰਮ ਨਹੀਂ ਕਰ ਰਹੀਆਂ ਹੁੰਦੀਆਂ, ਉਦੋਂ ਵੀ ਸਾਡੀ ਤਦਰੂਪਤਾ ਹੁੰਦੀ ਹੈ, ਆਪਾ ਹੁੰਦਾ ਹੈ |
ਇਹ ਹੀ ਆਪੇ ਦੀ ਭਾਵਨਾ ਹੈ, ਜਿਸਨੂੰ ਤੁਸੀਂ ਦੇਖਣਾ ਹੈ, ਜਿਸ ਦੇ ਪਿਛੇ ਡੂੰਘੇ ਹੋਰ ਡੂੰਘੇ ਜਾਣਾ ਹੈ, ਇਸਨੂੰ ਬਾਕੀ ਦੇ ਸਾਰੇ ਅਨੁਭਵਾਂ ਤੋਂ ਵੱਖ ਕਰਨਾ ਹੈ | ਅਸੀਂ ਗੱਡੀ ਨੂੰ ਦੇਖੀਏ ਜਰੂਰ ਪਰ ਅਸੀਂ ਉਸ ਦਾ ਹਿੱਸਾ ਨਾ ਬਣੀਏ | ਇਹ ਹਮੇਸ਼ਾ ਯਾਦ ਰੱਖੋ ਕਿ ਗੱਡੀ ਸਾਡੀ ਆਪਣੀ ਬਣਾਈ ਹੋਈ ਹੈ | ਇਨ੍ਹਾਂ ਵਿਚਾਰਾਂ ਦੀ ਗੱਡੀ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਅਸੀਂ ਆਪਣੇ ਆਪ ਨੂੰ ਪਿਆਰ ਕਰਦੇ ਹਾਂ | ਅੰਦਰ ਸਮਾਚਿਤ ਹੈ, ਸਾਰੇ ਅਨੁਭਵਾਂ ਤੋਂ ਬਾਅਦ ਵੀ, ਵਿਚਾਰਾਂ ਤੋਂ ਬਾਅਦ ਵੀ, ਤੁਹਾਡਾ ਅੰਦਰ ਸ਼ਾਂਤ ਹੈ |
ਡਰ ਤੋਂ ਭਾਵ ਭੈ ਹੈ, ਭੈ ਤੋਂ ਭਾਵ ਪਿਆਰ ਹੈ, ਪਿਆਰ ਨਿਰਭੈ ਕਰਦਾ ਹੈ, ਨਿਰਭੈਤਾ ਤੋਂ ਭਾਵ ਹੈ ਪੂਰਨ ਪ੍ਰੇਮ, ਸਾਡਾ ਆਪਣੇ ਲਈ ਪ੍ਰੇਮ ਪਿਆਰ, ਇਹ ਅੰਦਰ ਦੀ ਪਛਾਣ ਹੀ ਸਾਨੂੰ ਸ਼ਾਂਤ ਰੱਖਦੀ ਹੈ, ਤੇ ਮਨ ਦੇ ਅਨੁਭਵਾਂ ਤੋਂ ਪਾਰ, ਪਰ੍ਹੇ ਲੈ ਜਾਂਦੀ ਹੈ |
ਜਿਹੜੀ ਵੀ ਗੱਲ ਸਾਡੇ ਮਨ ਵਿੱਚ ਆਉਂਦੀ ਹੈ ਉਹ ਇੱਕ ਖਾਸ ਵਰਗ ਦੀ ਹੁੰਦੀ ਹੈ, ਖਾਸ ਵਸਤੂ ਖਾਸ ਵਿਸ਼ੇ ਤੇ ਹੁੰਦੀ ਹੈ, ਉਹ ਵਿਸ਼ਾ ਉਹ ਵਰਗ ਜਿਸ ਦਾ ਵੇਗ ਮਨ ਵਿੱਚ ਚੱਲ ਰਿਹਾ ਹੁੰਦਾ ਹੈ | ਸਾਨੂੰ ਲੋੜ ਹੈ ਕੇਵਲ ਉਸ ਨੂੰ ਦੇਖਣ ਦੀ, ਉਸਨੂੰ ਪ੍ਰੇਖਣ ਦੀ |
ਇਹ ਵੀ ਭਾਵੇਂ ਪਤਾ ਨਹੀਂ ਹੁੰਦਾ, ਸਾਫ਼ ਨਹੀਂ ਹੁੰਦਾ ਇਹ ਵੇਗ ਕਿਥੋਂ ਸ਼ੁਰੂ ਹੋਇਆ ਹੈ, ਕਿੱਥੇ ਜਾ ਰਿਹਾ ਹੈ, ਕਿੱਥੇ ਜਾ ਕੇ ਖਤਮ ਹੋਵੇਗਾ, ਤੁਸੀਂ ਕੇਵਲ ਉਸ ਦਾ ਪ੍ਰੇਖਣ ਕਰੋ, ਉਸ ਨੂੰ ਦੇਖੋ ਅਤੇ ਉਸ ਨੂੰ ਲੰਘ ਲੈਣ ਦਿਓ | ਕਦੀ ਵੀ ਆਪਣੀਆਂ ਭਾਵਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ, ਕਦੀ ਉਨ੍ਹਾਂ ਨੂੰ ਹਟਾਉਣ ਦੀ ਲੜਾਈ ਨਾ ਕਰੋ | ਕਦੀ ਵੀ ਆਪਣੀਆਂ ਇੱਛਾਵਾਂ ਨੂੰ ਵਿਘਨ ਨਾ ਸਮਝੋ, ਉਨ੍ਹਾਂ ਨਾਲ ਵਾਦ ਵਿਵਾਦ ਨਾ ਕਰੋ, ਕੇਵਲ ਉਨ੍ਹਾਂ ਦਾ ਵਿਸ਼ਲੇਸ਼ਣ ਹੀ ਕਰੋ, ਉਨ੍ਹਾਂ ਨੂੰ ਜਾਂਚੋ ਉਨ੍ਹਾਂ ਨੂੰ ਜਾਣ ਦਿਓ, ਲੰਘਣ ਦਿਓ |
ਕਦੀ ਵੀ ਆਪਣੇ ਆਪ ਨੂੰ ਉਨ੍ਹਾਂ ਨਾਲ ਨਾ ਮਿਲਾਓ, ਕਦੀ ਵੀ ਉਨ੍ਹਾਂ ਨਾਲ ਇੱਕ ਰੂਪ ਨਾ ਹੋਵੋ |
ਹਾਂ, ਇਹ ਜਰੂਰ ਹੈ ਕਿ ਇਹ ਵਿਸ਼ਲੇਸ਼ਣ ਮਾਨਸਿਕ ਪੱਧਰ ਤੇ ਹੀ ਕਰੋ | ਇਹ ਜਰੂਰੀ ਨਹੀਂ ਕਿ ਤੁਸੀਂ ਆਪਣੀਆਂ ਭਾਵਨਾਵਾਂ, ਆਪਣੀਆਂ ਇੱਛਾਵਾਂ ਖੁੱਲੀ ਤਰਾਂ ਪ੍ਰਗਟ ਕਰੋ, ਸਾਰਿਆਂ ਨੂੰ ਦੱਸੋ ਜਾਂ ਤੁਸੀਂ ਸਾਰਿਆਂ ਦੇ ਸਾਮ੍ਹਣੇ ਇੱਛਾ ਅਨੁਸਾਰ ਕਰਮ ਕਰੋ |
ਸਾਧਾਰਣ ਤਰੀਕੇ ਨਾਲ ਕੇਵਲ ਵਿਸ਼ਲੇਸ਼ਣ ਕਰੋ, ਪ੍ਰੇਖਣ ਕਰੋ, ਸਾਖਸ਼ੀ ਬਣੋ, ਮੰਤਰ ਦ੍ਰਿੜ ਕਰਦੇ ਰਹੋ | ਜੇਕਰ ਮਨ ਦੇ ਵਿਚਾਰ ਚੱਲਦੇ ਰਹਿਣ ਤੁਹਾਡਾ ਖਹਿੜਾ ਹੀ ਨਾ ਛੱਡਣ, ਕੇਵਲ ਉਨ੍ਹਾਂ ਨੂੰ ਦੇਖੋ ਸਥਿਰ ਹੋ ਕੇ ਉਨ੍ਹਾਂ ਨੂੰ ਦੇਖਦੇ ਰਹੋ |
ਸ਼ੁੱਧੀ ਕਰਨ ਦਾ ਇਹ ਤਰੀਕਾ, ਅੰਦਰ ਸਾਫ਼ ਕਰਨ ਦੀ ਇਹ ਵਿਧੀ, ਮਨ ਨੂੰ ਖਾਲੀ ਕਰਨਾ, ਮੈਡੀਟੇਸ਼ਨ ਕਰਨ ਲਈ ਇਹ ਬਹੁਤ ਜਰੂਰੀ ਹੈ | ਸਾਨੂੰ ਕਾਹਲੇ ਨਹੀਂ ਪੈਣਾ ਚਾਹੀਦਾ, ਕਾਹਲ ਨਹੀਂ ਕਰਨੀ ਚਾਹੀਦੀ ਕਿ ਅਸੀਂ ਉਚਾਈਆਂ ਕਿਉਂ ਨਹੀਂ ਛੋਹ ਰਹੇ, ਅਸੀਂ ਮੈਡੀਟੇਸ਼ਨ ਵਿੱਚ ਬਹੁਤ ਅੱਗੇ ਕਿਉਂ ਨਹੀਂ ਵੱਧ ਰਹੇ, ਸਾਨੂੰ ਵਧੇਰੇ ਅਨੁਭਵ ਕਿਉਂ ਨਹੀਂ ਹੋ ਰਹੇ, ਜਦੋਂ ਕਿ ਅਸੀਂ ਆਪਣਾ ਮਨ ਵੀ ਖਾਲੀ ਕਰ ਲਿਆ ਹੈ, ਕੋਈ ਅਸ਼ਾਂਤ ਕਰਨ ਵਾਲੇ ਵਿਚਾਰ ਵੀ ਨਹੀਂ ਆ ਰਹੇ, ਸਭ ਕੁਝ ਸ਼ਾਂਤ ਹੈ ਫੇਰ ਵੀ ਕਿਸੇ ਕਿਸਮ ਦਾ ਕੋਈ ਅਨੁਭਵ ਨਹੀਂ ਹੋ ਰਿਹਾ | ਮੱਠ ਆਸ਼੍ਰਮ ਵਿੱਚ ਕੋਈ ਵੀ ਨਵਾਂ ਜਗਿਆਸੂ ਪਹਿਲੇ ਪਹਿਲੇ ਸ਼ੁਰੂ ਵਿੱਚ ਮੈਡੀਟੇਸ਼ਨ ਨਹੀਂ ਕਰਦਾ | ਜਗਿਆਸੂਆਂ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਕਿਹਾ ਜਾਂਦਾ ਹੈ, ਮਨ ਸ਼ੁੱਧ ਕਰਨ ਲਈ ਕਿਹਾ ਜਾਂਦਾ ਹੈ |
ਅੱਜ ਦਾ ਮਨੁੱਖ ਬਹੁਤ ਹੀ ਵਿਆਕੁਲ ਹੈ, ਬੇਚੈਨ ਹੈ, ਕਾਹਲਾ ਹੈ, ਛੇਤੀ ਤੋਂ ਛੇਤੀ ਮੈਡੀਟੇਸ਼ਨ ਦੀ ਕਲਾ ਦਾ ਮਾਹਰ ਬਣ ਜਾਣਾ ਚਾਹੁੰਦਾ ਹੈ |
ਗੱਲਬਾਤ ਕਰਨੀ ਸਿੱਖੋ, ਜੋ ਪ੍ਰੇਖਣ ਕਰ ਰਿਹਾ ਹੈ, ਜਿਸ ਦਾ ਪ੍ਰੇਖਣ ਹੋ ਰਿਹਾ ਹੈ, ਉਨ੍ਹਾਂ ਵਿੱਚ ਵਾਰਤਾਲਾਪ ਕਰਨਾ ਸਿੱਖੋ | ਇਸ ਵਾਰਤਾਲਾਪ ਵਿੱਚ ਕਲਪਨਾ ਦੀ ਵਰਤੋਂ ਕਰੋ, ਧਨ ਦੇ ਵਰਗ ਵੀ ਮਨ ਵਿੱਚ ਚੱਲ ਰਹੇ ਵਿਸ਼ੇ ਦਾ ਨਿਰੀਖਣ ਕਰੋ, ਵਿਸ਼ਲੇਸ਼ਣ ਕਰੋ, ਪ੍ਰੇਖਣ ਕਰੋ, ਤੁਸੀਂ ਦੇਖੋਗੇ ਕਿ ਹੌਲੀ ਹੌਲੀ ਤੁਸੀਂ ਇਨ੍ਹਾਂ ਉੱਤੇ ਕਾਬੂ ਪਾ ਲਵੋਗੇ, ਕੰਟਰੋਲ ਕਰ ਲਵੋਗੇ | ਤੁਸੀਂ ਇਨ੍ਹਾਂ ਤੋਂ ਉੱਪਰ ਉਠ ਜਾਵੋਗੇ, ਤੇ ਸਭ ਵਿਸ਼ੇ ਤੁਹਾਡੇ ਮਨ ਵਿਚੋਂ ਖਤਮ ਹੋ ਜਾਣਗੇ |
ਰੋਟੀ ਖਾਣ ਤੋਂ ਇੱਕ ਦਮ ਬਾਅਦ ਕਦੀ ਵੀ ਮੈਡੀਟੇਸ਼ਨ ਵਿੱਚ ਨਾ ਬੈਠੋ, ਜਦੋਂ ਵੀ ਕਦੀ ਬਹੁਤ ਗੁੱਸੇ ਵਿੱਚ ਹੋ ਤਾਂ ਵੀ ਕਦੀ ਮੈਡੀਟੇਸ਼ਨ ਕਰਨ ਨਾ ਬੈਠੋ, ਕਿਉਂਕਿ ਰੋਟੀ ਖਾਣ ਤੋਂ ਬਾਅਦ ਅਤੇ ਬਹੁਤ ਗੁੱਸੇ ਵਿੱਚ ਮਨ ਪੂਰੀ ਤਰ੍ਹਾਂ ਨਾਲ ਇਨ੍ਹਾਂ ਹਾਲਾਤਾਂ ਵਿੱਚ ਹੀ ਉਲਝਿਆ ਹੁੰਦਾ ਹੈ, ਜਿਸ ਕਰਕੇ ਚੰਗੀ ਤਰ੍ਹਾਂ ਨਾਲ ਸੋਚਣਾ ਤੇ ਵੇਖਣਾ ਵਿਧੀ ਅਨੁਸਾਰ ਨਹੀਂ ਹੋ ਸਕਦਾ | ਬਹੁਤ ਵਾਰੀ ਮੈਡੀਟੇਸ਼ਨ ਕਰਦਿਆਂ ਮਨ ਖਾਲੀ ਨਹੀਂ ਹੁੰਦਾ, ਮਨ ਵਿੱਚ ਹਰ ਕਿਸਮ ਦੇ ਵਿਚਾਰ ਚੱਲਦੇ ਰਹਿੰਦੇ ਹਨ, ਮਨ ਰੁਝਾ ਰਹਿੰਦਾ ਹੈ, ਜਦੋਂ ਮਨ ਰੁਝਾ ਹੋਵੇ ਮੈਡੀਟੇਸ਼ਨ ਨਹੀਂ ਹੋ ਸਕਦੀ | ਜੇਕਰ ਮਨ ਖਾਲੀ ਨਹੀਂ ਤਾਂ ਅਸੀਂ ਖਾਲੀ ਨਹੀਂ |
ਅਸੀਂ ਸੋਚ ਤੋਂ ਪਰ੍ਹੇ ਨਹੀਂ ਜਾ ਸਕਦੇ, ਇਸ ਗੱਲ ਨੂੰ ਦੇਖੋ ਜਾਂਚੋ | ਹੌਲੀ ਹੌਲੀ ਆਪਣੇ ਆਪ ਅਤੇ, ਆਪਣੇ ਵਿਚਾਰ ਨੂੰ ਵੱਖ ਵੱਖ ਕਰੋ | ਵਿਚਾਰ ਆਉਣਗੇ ਚਲੇ ਜਾਣਗੇ, ਤੁਸੀਂ ਕੇਵਲ ਉਨ੍ਹਾਂ ਨੂੰ ਦੇਖੋ | ਵਿਚਾਰਾਂ ਨਾਲ ਇੱਕ ਨਾ ਹੋਵੋ, ਉਨ੍ਹਾਂ ਨੂੰ ਅਪਣਾਓ ਨਾ, ਆਕਾਰਾਂ ਨੂੰ, ਚਿੰਨਾਂ ਨੂੰ ਅਪਣਾਓ ਨਾ, ਉਨ੍ਹਾਂ ਨਾਲ ਜੁੜੋ ਨਾ | ਇਸ ਤਰਾਂ ਕਰਨ ਨਾਲ ਸਾਨੂੰ ਛੇਤੀ ਹੀ ਪਤਾ ਲੱਗ ਜਾਇਗਾ ਕਿਹੜੇ ਵਿਚਾਰ ਸਾਡੇ ਲਈ ਚੰਗੇ ਹਨ, ਕਿਹੜੇ ਮਾੜੇ ਹਨ |
ਇਹ ਗੱਲ ਸਦਾ ਯਾਦ ਰੱਖੋ, ਸਾਡੇ ਵਿਚਾਰ, ਸਾਡੇ ਵਿਚਾਰਾਂ ਦੀ ਲੜੀ ਸਾਡੀ ਆਪਣੀ ਬਣਾਈ ਹੋਈ ਹੈ, ਇਹ ਸਾਡੀ ਆਪਣੀ ਹੈ ਇਸੇ ਕਰਕੇ ਇਹ ਸਾਡੇ ਤੇ ਪ੍ਰਭਾਵ ਪਾਉਂਦੀ ਹੈ |
ਇਥੇ ਪਹੁੰਚ ਕੇ ਹੀ, ਇਸੇ ਥਾਂ ਪਹੁੰਚ ਕੇ ਹੀ ਅਸੀਂ ਮੈਡੀਟੇਸ਼ਨ ਵਿੱਚ ਮੰਤਰ ਦੀ ਮਹੱਤਤਾ ਮਹਿਸੂਸ ਕਰਦੇ ਹਾਂ, ਮੰਤਰ ਇਥੇ ਹੀ ਇੱਕ ਅਮੋਲਕ ਵਸਤੂ ਬਣ ਜਾਂਦਾ ਹੈ | ਮੰਤਰ ਇੱਕ ਬੀਜ ਦੀ ਤਰਾਂ ਹੈ, ਤੇ ਅਸੀਂ ਇੱਕ ਮਿੱਟੀ ਦੀ ਤਰਾਂ | ਮੰਤਰ ਨੂੰ ਉਜਾਗਰ ਹੋਣ ਲਈ, ਪ੍ਰਗਟ ਹੋਣ ਲਈ ਸਮਾਂ ਚਾਹੀਦਾ ਹੈ | ਮੰਤਰ ਨੂੰ ਬੀਜ ਦੀ ਤਰਾਂ ਸਿੰਚਣਾ ਚਾਹੀਦਾ ਹੈ, ਉਸ ਦੀ ਪਰਵਰਿਸ਼ ਹੋਣੀ ਚਾਹੀਦੀ ਹੈ | ਮੰਤਰ ਨੂੰ ਜਪੋ, ਜਪਦੇ ਰਹੋ, ਮਨ ਦੇ ਅੰਦਰ, ਜੀਭ ਤੇ ਆਜੱਪਾ ਜਾਪ ਕਰਦੇ ਹੀ ਰਹੋ | ਹੌਲੀ ਹੌਲੀ ਇੱਕ ਨਵਾਂ ਵਿਸ਼ਾ ਪੈਦਾ ਹੋ ਜਾਵੇਗਾ ਉਹ ਤੁਹਾਡੇ ਮਨ ਦੇ ਅੰਦਰ ਘਰ ਕਰ ਲਵੇਗਾ | ਅੰਤ ਵਿੱਚ ਅਸੀਂ ਆਪਣੇ ਵਿਚਾਰ ਨਹੀਂ ਦੇਖਾਂਗੇ, ਅਸੀਂ ਦੇਖਾਂਗੇ ਕਿ ਅਸੀਂ ਤਾਂ ਮੰਤਰ ਨੂੰ ਜੱਪ ਰਹੇ ਹਾਂ, ਸਾਡੇ ਅੰਦਰ ਮੰਤਰ ਚੱਲ ਰਿਹਾ ਹੈ | ਇਹ ਸਿੱਖਣ ਦੀਆਂ ਪੌੜੀਆਂ ਹਨ - ਆਤਮ ਚਿੰਤਨ, ਪ੍ਰੇਖਣ, ਦਰਸ਼ਕ ਹੋਣਾ ਤੇ ਮੁਕਤ ਹੋਣਾ | ਚੰਗੇ ਮੰਦੇ ਸਾਰੇ ਵਿਚਾਰ ਆਉਣੇ ਬੰਦ ਹੋ ਜਾਣਗੇ, ਜਦੋਂ ਅਸੀਂ ਮਨ ਨਾਲ ਇੱਕ ਰੂਪ ਹੋਣਾ ਛੱਡ ਦਿਆਂਗੇ |
ਅਸੀਂ ਦੇਖਾਂਗੇ ਕਿ ਫੇਰ ਇਹ ਕੇਵਲ ਇੱਕ ਮਾਨਸਿਕ ਵਿਸ਼ਾ ਬਣ ਕੇ ਰਹਿ ਜਾਣਗੇ ਜਿਨ੍ਹਾਂ ਨੂੰ ਅਸੀਂ ਦੇਖਾਂਗੇ ਤੇ ਦਰਸ਼ਕ ਹੋਵਾਂਗੇ | ਅਸੀਂ ਇਹ ਜਾਣ ਜਾਵਾਂਗੇ ਜਿਹੜਾ ਅਸੀਂ ਪ੍ਰਾਪਤ ਕਰ ਲਿਆ ਹੈ, ਸਿੱਧ ਕਰ ਲਿਆ ਹੈ, ਜਿਹੜਾ ਕਦੇ ਬਦਲਦਾ ਨਹੀਂ ਹੈ ਉਹ ਹੈ ਸਵੈ ਆਪਾ ਅਤੇ ਆਤਮਾ ਜਿਹੜਾ ਬਦਲਦਾ ਹੈ | ਜਿਹੜਾ ਵਿਸਤ੍ਰਿਤ ਹੁੰਦਾ ਹੈ ਜਿਸ ਦਾ ਵਿਕਾਸ ਹੁੰਦਾ ਹੈ ਜਿਹੜਾ ਢਲ ਜਾਂਦਾ ਹੈ ਉਹ ਹੈ ਅਣਆਤਮਾ, ਮਾਇਆ ਸੰਸਾਰੀ | ਜਿਵੇਂ ਜਿਵੇਂ ਮੈਡੀਟੇਸ਼ਨ ਅੱਗੇ ਵੱਧਦੀ ਅਸੀਂ ਇਨ੍ਹਾਂ ਦੋਨਾਂ ਨੂੰ ਵੱਖ ਕਰਨ ਲੱਗ ਪੈਂਦੇ ਹਾਂ, ਅਸੀਂ ਸਵੈ ਨੂੰ ਅਪਣਾਉਂਦੇ ਚਲੇ ਜਾਂਦੇ ਹਾਂ, ਆਤਮਾ ਤੱਕ ਪਹੁੰਚ ਜਾਂਦੇ ਹਾਂ | ਮਾਇਆ ਤੋਂ ਸੰਸਾਰ ਤੋਂ ਦੂਰ ਹੁੰਦੇ ਜਾਂਦੇ ਹਾਂ, ਇਸ ਗੱਲ ਦੀ ਪ੍ਰਾਪਤੀ ਲਈ ਸਾਨੂੰ ਲੋੜ ਹੈ ਕੇਵਲ ਆਪਾ ਚੀਨਣ ਦੀ ਤੇ ਮੰਤਰ ਦ੍ਰਿੜ ਕਰਕੇ ਅੰਦਰ ਉਤਾਰਨ ਦੀ ਮੰਤਰ ਤੁਹਾਡੀ ਨਸ ਨਸ ਵਿੱਚ ਵੱਸ ਜਾਣਾ ਚਾਹੀਦਾ ਹੈ |
ਮੂਲ ਲੇਖਕ : ਡਾਕਟਰ ਸਵਾਮੀ ਰਾਮ ਜੀ
ਉਤਾਰਾ : ਅਰਵਿੰਦਰ ਸਿੰਘ
Comments
Post a Comment