1 ਨਵੰਬਰ 1984 ਕਤਲੇਆਮ
ਅਫ਼ਸਰ ਹੁਕਮ ੳਡੀਕਦੇ ਹੀ ਰਹਿ ਗਏ
1984 ’ਚ ਵਾਪਰੇ ਸਿੱਖ ਕਤਲੇਆਮ ਬਾਰੇ ਨਿਤ ਦਿਨ ਕੋਈ ਨਾ ਕੋਈ ਭੇਤ ਉਜਾਗਰ ਹੁੰਦਾ ਰਹਿੰਦਾ ਹੈ। ਹੁਣ ਨਵੀਂ ਕਿਤਾਬ ’ਚ ਖ਼ੁਲਾਸਾ ਹੋਇਆ ਹੈ ਕਿ ਉਸ ਸਮੇਂ ਦੇ ਸੀਨੀਅਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੰਗਾਈਆਂ ਤੋਂ ਸਿੱਖਾਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਸਨ ਪਰ ਉੱਚੇ ਅਹੁਦਿਆਂ ’ਤੇ ਬੈਠੇ ਅਫ਼ਸਰਾਂ ਨੇ ਚੁਪ ਵੱਟ ਲਈ ਸੀ। ਉਨ੍ਹਾਂ ਨਾਂ ਤਾਂ ਕੋਈ ਸਹਿਯੋਗ ਦਿੱਤਾ ਅਤੇ ਨਾ ਹੀ ਪੁਲੀਸ ਨੂੰ ਦੰਗੇ ਰੋਕਣ ਲਈ ਕੋਈ ਨਿਰਦੇਸ਼ ਦਿੱਤੇ।
ਪੱਤਰਕਾਰ ਅਤੇ ਲੇਖਕ ਸੰਜੈ ਸੂਰੀ ਦੀ ਕਿਤਾਬ ‘1984-ਦਿ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ (1984-ਸਿੱਖ ਵਿਰੋਧੀ ਹਿੰਸਾ ਅਤੇ ਬਾਅਦ) ’ਚ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਤਲੇਆਮ ਨੂੰ ਰੋਕਣ ਦੇ ਯਤਨ ਨਾ ਕਰਨ ਦਾ ਭੇਤ ਜੱਗ ਜ਼ਾਹਰ ਹੋਇਆ ਹੈ। ਇਹ ਕਿਤਾਬ ਮੰਗਲਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਮੈਕਸਵੈਲ ਪਰੇਰਾ ਨੇ ਪਹਿਲੀ ਨਵੰਬਰ ਨੂੰ ਸੀਸਗੰਜ ਗੁਰਦੁਆਰੇ ਦੇ ਬਾਹਰ ਦੰਗਾਈਆਂ ਨੂੰ ਰੋਕਣ ਲਈ ਗੋਲੀਬਾਰੀ ਦੇ ਹੁਕਮ ਦਿੱਤੇ ਸਨ। ਉਸ ਘਟਨਾ ’ਚ ਇਕ ਵਿਅਕਤੀ ਮਾਰਿਆ ਗਿਆ ਸੀ ਅਤੇ ਦੰਗਾਈਆਂ ਦੇ ਭੱਜ ਜਾਣ ਕਰਕੇ ਇਤਿਹਾਸਕ ਗੁਰਦੁਆਰਾ ਬਚ ਗਿਆ ਸੀ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ਉਸ ਨੇ ਸ੍ਰੀ ਪਰੇਰਾ ਨੂੰ ਝੰਬ ਕੇ ਰੱਖ ਦਿੱਤਾ।
ਸ੍ਰੀ ਪਰੇਰਾ ਨੇ ਦੱਸਿਆ,‘‘ਘਟਨਾ ਤੋਂ ਬਾਅਦ ਮੈਂ ਤੁਰੰਤ ਕੰਟਰੋਲ ਰੂਮ ਨੂੰ ਗੋਲੀਬਾਰੀ ਕਰਨ ਅਤੇ ਇਕ ਵਿਅਕਤੀ ਦੇ ਮਰਨ ਦੀ ਜਾਣਕਾਰੀ ਦਿੱਤੀ। ਮੈਨੂੰ ਮੁਸ਼ਕਲ ਤਾਂ ਆਈ ਜਦੋਂ ਅੱਗਿਓਂ ਕੋਈ ਜਵਾਬ ਨਾ ਮਿਲਿਆ ਅਤੇ ਕੰਟਰੋਲ ਰੂਮ ’ਚ ਖਾਮੋਸ਼ੀ ਛਾਈ ਰਹੀ।’’
ਇਸੇ ਤਰ੍ਹਾਂ ਤਤਕਾਲੀ ਮੱਧ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮੋਦ ਕੰਠ ਮੁਤਾਬਕ ਹਿੰਸਾ ਨਾਲ ਨਜਿੱਠਣ ਲਈ ਉਨ੍ਹਾਂ ਨੂੰ ਪੁਲੀਸ ਹੈਡਕੁਆਰਟਰ ਤੋਂ ਕੋਈ ਨਿਰਦੇਸ਼ ਨਹੀਂ ਮਿਲੇ। ਕਿਤਾਬ ਅਨੁਸਾਰ ਸ੍ਰੀ ਕੰਠ ਨੇ ਆਪਣੇ ਜ਼ਿਲ੍ਹੇ ’ਚ ਦੰਗਾਈਆਂ ਨਾਲ ਨਜਿੱਠਣ ਲਈ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ ਪਰ ਬਾਅਦ ’ਚ ਪੁਲੀਸ ਹੈਡਕੁਆਰਟਰ ’ਤੇ ਹੋਈ ਬੈਠਕ ਦੌਰਾਨ ਉਨ੍ਹਾਂ ਦੇ ਇਸ ਕਦਮ ਲਈ ਕਾਫੀ ਝਾੜ ਝੰਬ ਵੀ ਹੋਈ । ਬੈਠਕ ’ਚ ਉਨ੍ਹਾਂ ਨੂੰ ਸਪਸ਼ਟ ਕਿਹਾ ਗਿਆ ਕਿ ਉਨ੍ਹਾਂ ਨੇ ਐਵੇਂ ਹੀ ਕਾਹਲੀ ’ਚ ਇਹ ਕਦਮ ਚੁੱਕ ਲਿਆ ਹੈ।
ਕਿਤਾਬ ’ਚ ਦਿੱਲੀ ਆਰਮਡ ਪੁਲੀਸ ਦੇ ਇੰਸਪੈਕਟਰ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤਤਕਾਲੀ ਡਿਪਟੀ ਕਮਿਸ਼ਨਰ ਸ਼ਮਸ਼ੇਰ ਦਿਓਲ ਨੂੰ ਦਿੱਲੀ ਆਰਮਡ ਪੁਲੀਸ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। ਉਨ੍ਹਾਂ ਦੱਸਿਆ ਕਿ ਇੰਸਪੈਕਟਰ ਨੇ ਪੂਰਬੀ ਦਿੱਲੀ ’ਚ ਨੰਦ ਨਗਰੀ ਵਿਖੇ ਹਮਲਾਵਰਾਂ ਨੂੰ ਖਿੰਡਾਉਣ ਲਈ ਹਵਾਈ ਫਾਇਰ ਕੀਤੇ ਸਨ। ਇੰਸਪੈਕਟਰ ਨੂੰ ਕਿਹਾ ਗਿਆ ਕਿ ਸਖ਼ਤੀ ਦਿਖਾਉਣ ਕਰਕੇ ਉਸ ਲਈ ਮੁਸ਼ਕਲ ਖੜੀ ਹੋ ਸਕਦੀ ਹੈ। ਉਹ ਤੁਰੰਤ ਛੁੱਟੀ ’ਤੇ ਚਲਾ ਗਿਆ ਪਰ ਜਾਣ ਤੋਂ ਪਹਿਲਾਂ ਉਸ ਨੇ ਦਿੱਲੀ ਛਾਉਣੀ ਦੀ ਫ਼ੌਜੀ ਯੂਨਿਟ ’ਚੋਂ ਤਿੰਨ ਕਾਰਤੂਸ ਖ਼ਰੀਦੇ। ਸ੍ਰੀ ਦਿਓਲ ਮੁਤਾਬਕ,‘‘ਥ੍ਰੀ ਨਾਟ ਥ੍ਰੀ ਰਾਈਫਲ ’ਚੋਂ ਤਿੰਨ ਗੋਲੀਆਂ ਚਲਾਈਆਂ ਸਨ ਇਸ ਲਈ ਉਨ੍ਹਾਂ ਦੀ ਉਹ ਪੂਰਤੀ ਕਰਨ ਲਈ ਇਹ ਗੋਲੀਆਂ ਖ਼ਰੀਦੀਆਂ ਸਨ। ਉਹ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਸ ਨੇ ਕਦੇ ਵੀ ਗੋਲੀਆਂ ਨਹੀਂ ਦਾਗ਼ੀਆਂ ਅਤੇ ਉਸ ਕੋਲ ਕਾਰਤੂਸਾਂ ਦੀ ਮਿਕਦਾਰ ਪੂਰੀ ਹੈ। ਉਸ ਨੂੰ ਕਿਹਾ ਗਿਆ ਕਿ ਉਸਨੇ ਰਾਸ਼ਟਰ ਵਿਰੋਧੀ ਕਾਰਵਾਈ ਕੀਤੀ ਹੈ ।’’
ਅਸਿਸਟੈਂਟ ਪੁਲੀਸ ਕਮਿਸ਼ਨਰ ਕੇਵਲ ਸਿੰਘ ਨੇ 31 ਅਕਤੂਬਰ ਦੀ ਸ਼ਾਮ ਨੂੰ ਲੁਟੇਰਿਆਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਸੀ। ਉਸ ਨੇ ਜਦੋਂ ਦੇਖਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ ਤਾਂ ਉਸਨੇ ਰਾਤ 8 ਵਜ ਕੇ 32 ਮਿੰਟ ’ਤੇ ਫਾਇਰਿੰਗ ਦੀ ਇਜਾਜ਼ਤ ਮੰਗੀ ਪਰ ਉਸਨੂੰ ਇਜਾਜ਼ਤ ਨਹੀਂ ਮਿਲੀ ਸਗੋਂ 50 ਕੁ ਮਿੰਟਾਂ ਬਾਅਦ ਰਾਤ 9 ਵਜ ਕੇ 22 ਮਿੰਟ ’ਤੇ ਸੁਨੇਹਾ ਮਿਲਿਆ ਕਿ ਉਸਨੂੰ ਡਿਊਟੀ ਤੋਂ ਹਟਾ ਲਿਆ ਗਿਆ ਹੈ।
ਸ੍ਰੀ ਸੂਰੀ ਨੇ ਕਿਹਾ ਕਿ ਉਪਰੋਂ ਸੰਕੇਤ ਸਾਫ਼ ਸਨ ਕਿ ਲੁਟੇਰਿਆਂ ਅਤੇ ਕਾਤਲਾਂ ਖ਼ਿਲਾਫ਼ ਪੁਲੀਸ ਕਾਰਵਾਈ ਦਾ ਸਵਾਗਤ ਨਹੀਂ ਕੀਤਾ ਜਾਏਗਾ। ਕਿਤਾਬ ’ਚ ਦਾਅਵਾ ਕੀਤਾ ਗਿਆ ਹੈ ਕਿ ਰਾਜੀਵ ਗਾਂਧੀ ਦੇ ਉਦਾਸੀਨ ਰਵਈਏ ਨੇ ਵੀ ਅਖੀਰ ’ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।
ਲੇਖਕ ਨੇ ਇੰਟਰਵਿਊ, ਰਿਕਾਰਡਾਂ ਅਤੇ ਆਪਣੇ ਤਜਰਬਿਆਂ ਰਾਹੀਂ ਲਿਖਿਆ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਿੱਖ ਕਤਲੇਆਮ ’ਚ ਅਹਿਮ ਭੂਮਿਕਾ ਨਿਭਾਈ ਅਤੇ ਚੋਟੀ ਦੀ ਲੀਡਰਸ਼ਿਪ ਨੇ ਉਨ੍ਹਾਂ ਤੇ ਕੋਈ ਰੋਕ ਲਾਉਣ ਲਈ ਸਰਗਰਮੀ ਨਹੀਂ ਦਿਖਾਈ |
ਕਿਤਾਬ ’ਚ ਕਿਹਾ ਗਿਆ ਹੈ ਕਿ ਰਾਜੀਵ ਗਾਂਧੀ ਨੂੰ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗਈ ਸੀ ਪਰ ਉਨ੍ਹਾਂ ਵੱਲੋਂ ਦੰਗਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ 2 ਨਵੰਬਰ ਦੀ ਸ਼ਾਮ ਨੂੰ ਸਾਢੇ 5 ਵਜੇ ਆਏ ਜਦੋਂ ਉਨ੍ਹਾਂ ਤਤਕਾਲੀ ਉਪ ਰਾਜਪਾਲ ਪੀ ਜੀ ਗਵਈ ਨੂੰ ਤਲਬ ਕਰਕੇ ਕਿਹਾ ਕਿ ਕਤਲੇਆਮ 15 ਮਿੰਟਾਂ ’ਚ ਮੁੱਕ ਜਾਣਾ ਚਾਹੀਦਾ ਹੈ। ਪਰ ਉਸ ਸਮੇਂ ਤਕ ਜ਼ਿਆਦਾਤਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਸੀ।
ਸੂਰੀ ਨੇ ਲਿਖਿਆ ਹੈ ਕਿ ਰਾਜੀਵ ਗਾਂਧੀ ਨੇ ਕਈ ਭਾਸ਼ਨ ਦਿੱਤੇ ਪਰ ਦਿੱਲੀ ਦੇ ਸਿੱਖ ਫੋਕੇ ਭਾਸ਼ਨ ਸੁਣਨ ਦੀ ਬਜਾਏ ਇਨਸਾਫ਼ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਣਨਾ ਚਾਹੁੰਦੇ ਸਨ। ਕਿਤਾਬ ਮੁਤਾਬਕ ਰਾਜੀਵ ਗਾਂਧੀ ਨੇ ਅਜਿਹੇ ਫ਼ੈਸਲੇ ਲਏ ਜਿਨ੍ਹਾਂ ਨਾਲ ਬਾਅਦ ’ਚ ਇਨਸਾਫ਼ ਦੀ ਤੱਕੜੀ ਡੋਲ ਗਈ ਸੀ । ਪੁਲੀਸ ਅਧਿਕਾਰੀ ਵੇਦ ਮਰਵਾਹ ਵੱਲੋਂ ਕਤਲੇਆਮ ਦੀ ਕੀਤੀ ਜਾ ਰਹੀ ਜਾਂਚ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।
ਕਿਤਾਬ ’ਚ ਸ੍ਰੀ ਸੂਰੀ ਨੇ ਦੂਰਦਰਸ਼ਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਕਿਤਾਬ ’ਚ ਵੇਰਵਿਆਂ ਨਾਲ ਦੱਸਿਆ ਗਿਆ ਹੈ ਕਿ ਦੂਰਦਰਸ਼ਨ ਨੇ 18 ਵਾਰ ਲੋਕਾਂ ਨੂੰ ਭੜਕਾਉਣ ਵਾਲੀ ਹਰਕਤ ਕੀਤੀ। ਉਂਜ ਲੇਖਕ ਨੇ ਕਿਹਾ ਕਿ ਲੋਕਾਂ ਮੁਤਾਬਕ ਸਰਕਾਰੀ ਟੈਲੀਵਿਜ਼ਨ ਨੇ ਉਸ ਸਵੇਰ ਨੂੰ ਸਭ ਤੋਂ ਵੱਧ ਭੜਕਾਟ ਪੈਦਾ ਕੀਤੀ ਸੀ। ਕਿਤਾਬ ’ਚ ਕਿਹਾ ਗਿਆ ਹੈ ਕਿ ਤਿੰਨ ਹਜ਼ਾਰ ਤੋਂ ਵੱਧ ਕਤਲਾਂ ਲਈ ਜ਼ਿੰਮੇਵਾਰ ਤਤਕਾਲੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।
Posted On July - 5 - 2015
ਨਵੀਂ ਦਿੱਲੀ, 5 ਜੁਲਾਈ
ਆਈ ਏ ਐਨ ਐਸ
Comments
Post a Comment