ਗੁਰਬਾਣੀ ਅਨੁਸਾਰ ਸਿੱਖ ਕੌਣ ?

 ਸਵਾਲ :- ਗੁਰਬਾਣੀ ਅਨੁਸਾਰ ਸਿੱਖ ਕੌਣ ?

ਜਵਾਬ :- ਗੁਰਬਾਣੀ ਅੰਦਰ ਸਿੱਖ ਧਰਮ ਦੀ ਪਰਿਭਾਸ਼ਾ ਬਹੁਤ ਹੀ ਸਪਸ਼ਟ ਰੂਪ ਅਤੇ ਵਿਸਥਾਰ ਵਿਚ ਗੁਰੂ ਸਾਹਿਬਾਨਾਂ ਨੇ ਦੱਸੀ ਹੈ | ਜਦੋਂ ਦਸਵੇਂ ਸਰੂਪ ਵਿਚ ਖੰਡੇ ਬਾਟੇ ਦੀ ਪਾਹੁਲ ਦੀ ਮਰਿਯਾਦਾ ਤੋਰੀ ਤਾਂ ਉਸ ਸਮੇਂ ਜੋ ਰਹਿਤ ਮਰਿਯਾਦਾ ਸਿੰਘਾਂ ਨੂੰ ਦ੍ਰਿੜ ਕਰਵਾਈ ਗਈ ਉਸ ਦਾ ਮੂਲ ਸਰੋਤ ਗੁਰਬਾਣੀ ਹੀ ਸੀ | 

ਮਃ ੪ ॥

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥

ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ ਅੰਗ ੩੦੫ 


ਇਸ ਤੋਂ ਇਲਾਵਾ ਗੁਰਬਾਣੀ ਵਿਚ ਹੋਰ ਬਹੁਤ ਥਾਵਾਂ ਤੇ ਸਿੱਖ ਦੀ ਪਰਿਭਾਸ਼ਾ ਮਾਹਰਾਜ ਨੇ ਵਰਨਣ ਕੀਤੀ ਹੈ | 


 ਸੋਰਠਿ ਮਹਲਾ ੩ ॥  

ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥  

ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ||  

ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ ਅੰਗ ੬੦੧ 


ਗੁਰਬਾਣੀ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਾਰ 11, 12, 16, 32, 39 ਅਤੇ ਕਬਿੱਤਾਂ ਵਿਚ ਬਹੁਤ ਜਿਆਦਾ ਵਿਸਥਾਰ ਨਾਲ ਸਿੱਖ ਦੀ ਪਰਿਭਾਸ਼ਾ ਲਿਖੀ ਹੈ | 

ਸਿੱਖ, ਗੁਰਸਿੱਖ, ਸੰਤ, ਸਾਧ ਕੌਣ ਹੈ ਤੇ ਕੌਣ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਤੈਅ ਕਰਨਾ ਹੈ ਪਰ ਅਫਸੋਸ ਅੱਜ ਬਹੁਤ ਸਾਰੇ ਪ੍ਰਚਾਰਕ ਆਪਣੀ ਮਤਿ ਅਨੁਸਾਰ ਤੈਅ ਕਰ ਰਹੇ ਹਨ | ਅਜਿਹੇ ਪ੍ਰਚਾਰਕਾਂ ਦੀ ਦੇਖਾ ਦੇਖੀ ਸਿੱਖ ਵੀ ਆਪਣੀ ਮਰਜ਼ੀ ਦੀ ਸਿੱਖੀ ਘੜੀ ਫਿਰਦੇ ਹਨ | ਅਜਿਹੇ ਪ੍ਰਚਾਰਕਾਂ ਦੇ ਪ੍ਰਚਾਰ ਸਦਕਾ ਸਿੱਖ ਸੰਗਤਾਂ ਅੰਦਰ ਬਹੁਤ ਸਾਰੀਆਂ ਦੁਬਿਧਾ ਖੜੀਆਂ ਹੋ ਰਹੀਆਂ ਹਨ ਮਨ ਸੰਸਿਆਂ ਵਿੱਚ ਭਟਕਦੇ ਫਿਰਦੇ ਹਨ |

 ਜਿਸ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ, ਅਤੇ ਇਸ ਬੂਟੇ ਨੂੰ ਅਗਲੇ ਅੱਠ ਸਰੂਪਾਂ ਨੇ ਪਾਲਿਆ, ਦਸਵੇਂ ਜਾਮੇ ਅੰਦਰ ਇਸ ਬੂਟੇ ਨੂੰ ਖਾਲਸ (ਖਾਲਸਾ) ਫਲ ਲੱਗਿਆ, ਗੁਰਸਿਖਾਂ ਨੇ ਆਪਣੇ ਲਹੂ ਨਾਲ ਇਸ ਨੂੰ ਸਿੰਜਿਆ, ਅੱਜ ਉਸੇ ਹੀ ਧਰਤੀ ਤੇ ਸਿੱਖੀ ਦਾ ਬੂਟਾ ਮੁਰਝਾ ਰਿਹਾ ਹੈ | 

ਸਾਬਤ ਸੂਰਤ ਸਿੱਖ ਦਿਸ ਨਹੀਂ ਰਹੇ, ਜਿਹੜੇ ਥੋਹੜੇ ਸਾਬਤ ਸੂਰਤ ਸਿੱਖ ਦਿਸਦੇ ਹਨ ਉਹ ਨਾਮ ਬਾਣੀ ਤੋਂ ਸੱਖਣੇ ਫਿਰ ਰਹੇ ਹਨ | 

ਅੱਜ ਜੇਕਰ ਮੁਸਲਮਾਨਾਂ ਨੂੰ ਮੱਕੇ ਵਿੱਚ ਇਸਲਾਮ ਦਾ ਪ੍ਰਚਾਰ ਕਰਨਾ ਪਵੇ ਜਾਂ ਈਸਾਈਆਂ ਨੂੰ ਵੈਟੀਕਨ ਸਿਟੀ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਨਾ ਪਵੇ ਤਾਂ ਇਹ ਉਨ੍ਹਾਂ ਲਈ ਬਹੁਤ ਹੀ ਸ਼ਰਮਨਾਕ ਗੱਲ ਹੋਵੇਗੀ | ਇਸੇ ਤਰ੍ਹਾਂ ਜੇਕਰ ਅੱਜ 550 ਸਾਲਾਂ ਬਾਅਦ ਇਸ ਪੰਜਾਬ ਦੀ ਧਰਤੀ ਤੇ ਹੀ ਸਿੱਖੀ ਨੂੰ ਬਚਾਉਣ ਲਈ ਯਤਨ ਕਰਨੇ ਪੈ ਰਹੇ ਹਨ ਤਾਂ ਇਹ ਸਾਡੇ ਸਾਰਿਆਂ ਲਈ ਸ਼ਰਮਨਾਕ ਗੱਲ ਹੈ | 

ਸਿੱਖੀ ਨੂੰ ਕਮਾਉਣਾ ਹੀ ਸਿੱਖੀ ਨੂੰ ਬਚਾਉਣਾ ਹੈ ਅਤੇ ਇਹ ਜਿੰਮੇਵਾਰੀ ਹਰ ਇੱਕ ਸਿੱਖ ਦੀ ਹੈ | ਅਸੀਂ ਆਪਣੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸੰਸਥਾਵਾਂ, ਟਕਸਾਲਾਂ, ਸੰਪਰਦਾਵਾਂ, ਪ੍ਰਚਾਰਕਾਂ ਆਦਿਕ ਨੂੰ ਦੋਸ਼ ਦੇਣ ਤੇ ਜ਼ੋਰ ਲਗਾਇਆ ਹੋਇਆ ਹੈ | ਵਿਚਾਰ ਕੇ ਦੇਖੋ, ਆਪਣੇ ਘਰ ਦੇ ਅੰਦਰ ਸਿੱਖੀ ਦਾ ਮਾਹੌਲ ਸਾਨੂੰ ਆਪ ਨੂੰ ਹੀ ਸਿਰਜਣਾ ਪੈਂਦਾ ਹੈ | ਇਹ ਤਾਂ ਮੰਨਿਆ ਜਾ ਸਕਦਾ ਹੈ ਕੇ ਕਮੇਟੀਆਂ, ਸੰਸਥਾਵਾਂ ਅੰਦਰ ਕਮੀਆਂ ਹਨ ਪਰ ਅਸਲ ਸਵਾਲ ਇਸ ਹੈ ਕਿ 

" ਕੀ ਅਸੀਂ ਆਪ ਸਿੱਖੀ ਕਮਾ ਰਹੇ ਹਾਂ  ਜਾਂ ਨਹੀਂ " 

ਜੇਕਰ ਅਸੀਂ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਹੇ ਤਾਂ ਗੁਰੂ ਨੇ ਸਾਡੀ ਗਿਣਤੀ ਭੇਖੀ ਸਿਖਾਂ ਵਿੱਚ ਹੀ ਕਰਨੀ ਹੈ | ਇਹ ਸਾਡੇ ਤੇ ਨਿਰਭਰ ਕਰਦਾ ਹੈ ਕੇ ਅਸੀਂ ਭੇਖੀ ਸਿੱਖ ਬਣਨਾ ਹੈ ਜਾਂ ਅਸਲੀ ਸਿੱਖ | ਫੈਸਲਾ ਕਰਨਾ ਹੀ ਪਵੇਗਾ | 

ਅਰਵਿੰਦਰ ਸਿੰਘ ਯੂ ਕੇ 

https://panjabileharuk.blogspot.com/

Comments

Popular posts from this blog

Flags and Bungas

ਅਰਦਾਸ ਦਾ ਖਤਰਾ

ਕਲਮ ਤੋਂ ਬੰਦੂਕ ਤੱਕ: ਸਾਡਾ ਜ਼ਮੀਰ ਕਿੱਥੇ ਗਿਆ ?