ਦਰਬਾਰ ਸਾਹਿਬ ਵਿਖੇ ਬੀਬੀਆਂ ਕੀਰਤਨ ਕਿਉਂ ਨਹੀਂ ਕਰ ਸਕਦੀਆਂ ?
ਇਹ ਇੱਕ ਅਜਿਹਾ ਸਵਾਲ ਹੈ ਜੋ ਸਮੇਂ ਸਮੇਂ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਉਠਾਇਆ ਜਾਂਦਾ ਰਿਹਾ ਹੈ ਅਤੇ ਹੁਣ ਦੇ ਸਮੇਂ ਵਿੱਚ ਵੀ ਕਈ ਉਠਾ ਰਹੇ ਹਨ | ਇਹ ਲੋਕ ਪੰਥ ਵਿਰੋਧੀ ਤਾਕਤਾਂ ਦੇ ਇਸ਼ਾਰੇ ਤੇ ਹੀ ਅਜਿਹੇ ਬੇਬੁਨਿਆਦ ਸਵਾਲ ਖੜੇ ਕਰਦੇ ਹਨ | ਇਹ ਅਟੱਲ ਸੱਚਾਈ ਹੈ, ਕੋਈ ਇਲਜ਼ਾਮ ਨਹੀਂ | ਅਗਲੀਆਂ ਕੁਝ ਲਾਈਨਾਂ ਵਿੱਚ ਇਸ ਸੱਚਾਈ ਨੂੰ ਸੰਖੇਪ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ |
ਇਹ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਪਰਿਵਾਰਾਂ ਅੰਦਰ ਪੱਛਮੀ ਵਿਦਿਆ ਅਤੇ ਉਨ੍ਹਾਂ ਦੇ ਰੀਤੀ ਰਿਵਾਜਾਂ ਦਾ ਪ੍ਰਭਾਵ ਕਿਸੇ ਨਾਂ ਕਿਸੇ ਰੂਪ ਵਿੱਚ ਜਰੂਰ ਪੈ ਚੁੱਕਿਆ ਹੈ ਅਤੇ ਇਸ ਪ੍ਰਭਾਵ ਅਧੀਨ ਆ ਚੁੱਕੇ ਸਿੱਖਾਂ ਨੂੰ ਅਜਿਹੇ ਸਵਾਲਾਂ ਵਿੱਚ ਉਲਝਾ ਕੇ ਸਿੱਖਾਂ ਅੰਦਰ ਧੜੇਬੰਦੀਆਂ ਖੜੀਆਂ ਕੀਤੀਆਂ ਜਾ ਸਕਦੀਆਂ ਹਨ | ਤਾਂਕਿ ਸਿੱਖ ਧਰਮ ਦੀ ਮਰਿਯਾਦਾ, ਵਿਰਸੇ, ਰਿਵਾਇਤਾਂ, ਇਤਿਹਾਸ, ਪੁਰਾਤਨ ਗੁਰਸਿਖਾਂ ਦੀਆਂ ਸ਼ਹਾਦਤਾਂ, ਕੁਰਬਾਨੀਆਂ ਅਤੇ ਉਨ੍ਹਾਂ ਦੇ ਪਾਏ ਪੂਰਨਿਆਂ ਉੱਤੇ ਸਵਾਲੀਆ ਚਿੰਨ ਖੜੇ ਕੀਤੇ ਜਾਣ |
ਜਦੋਂ ਸਿੱਖ ਖੁਦ ਹੀ ਆਪਣੇ ਪੁਰਾਤਨ ਗੁਰਸਿਖਾਂ ਅਤੇ ਬਜ਼ੁਰਗਾਂ ਵੱਲੋਂ ਗੁਰ ਮਰਿਯਾਦਾ ਨੂੰ ਕਾਇਮ ਰੱਖਣ ਲਈ ਦਿੱਤੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਉੱਚੇ ਅਤੇ ਸੁੱਚੇ ਜੀਵਨ ਉੱਪਰ ਕਿੰਤੂ ਪ੍ਰੰਤੂ ਕਰਨ ਲੱਗ ਜਾਣ ਤਾਂ ਸਮਝ ਲਵੋ ਕਿ ਸਿੱਖਾਂ ਅੰਦਰ ਹੁਣ ਧੜੇਬੰਦੀ ਸ਼ੁਰੂ ਹੋ ਗਈ ਹੈ | ਕਿਉਂਕਿ ਅਜਿਹਾ ਹੋਣ ਦੀ ਸੂਰਤ ਵਿੱਚ ਕੁਝ ਸਿੱਖ ਇਨ੍ਹਾਂ ਦੇ ਵਿਰੋਧ ਵਿੱਚ ਖੜੇ ਹੋਣਗੇ ਅਤੇ ਕੁਝ ਇਨ੍ਹਾਂ ਦੇ ਹੱਕ ਵਿੱਚ ਖਲੋਣਗੇ | ਭਾਵ: ਅਲੱਗ ਅਲੱਗ ਧੜੇ ਬਣ ਜਾਣਗੇ | ਸਾਰੇ ਹੀ ਧੜੇ ਇੱਕ ਦੂਜੇ ਉਤੇ ਚਿੱਕੜ ਸੁੱਟਣਗੇ | ਹਾਲਾਂਕਿ ਸਾਰੇ ਇਹ ਦਾਹਵਾ ਵੀ ਕਰਣਗੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹਾਂ ਅਤੇ ਦੂਜੀ ਧਿਰ ਨੂੰ ਗੁਰੂ ਤੋਂ ਬੇਮੁਖ ਅਤੇ ਮਨਮਤੀਏ ਕਹਿਣਗੇ ਅਤੇ ਅਜਿਹੇ ਹੀ ਹੋਰ ਪਤਾ ਨਹੀਂ ਕਿੰਨੇ ਕੁ ਪ੍ਰਮਾਣ ਪੱਤਰ ਵੀ ਦੇਣਗੇ | ਅੱਜ ਆਪਾਂ ਇਹ ਸਾਰਾ ਕੁਝ ਹੁੰਦਾ ਹੋਇਆ ਦੇਖ ਰਹੇ ਹਾਂ |
ਹੁਣ ਵਿਚਾਰ ਕੇ ਦੇਖੋ, ਨੁਕਸਾਨ ਵੀ ਸਿੱਖਾਂ ਦਾ ਹੋ ਰਿਹਾ ਹੈ, ਨੁਕਸਾਨ ਹੋਣ ਦੇ ਜਿੰਮੇਵਾਰ ਵੀ ਸਿੱਖ ਹਨ, ਅਤੇ ਇਸ ਨੁਕਸਾਨ ਦਾ ਫਾਇਦਾ ਵਿਰੋਧੀਆਂ ਨੂੰ ਹੋ ਰਿਹਾ ਹੈ | ਪੰਥ ਵਿਰੋਧੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਸਿੱਖਾਂ ਦੀ ਏਕਤਾ ਨੂੰ ਭੰਗ ਨਾਂ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਬਹੁ ਗਿਣਤੀ ਹੁੰਦੇ ਹੋਏ ਵੀ ਸਿੱਖਾਂ ਨੂੰ ਸਿੱਖ ਰਾਜ ਸਥਾਪਿਤ ਕਰਨ ਤੋਂ ਰੋਕ ਨਹੀਂ ਸਕਾਂਗੇ | ਇਨ੍ਹਾਂ ਸ਼ਰਾਰਤੀ ਲੋਕਾਂ ਨੂੰ ਦਾ ਅਸਲ ਮਕਸਦ ਇਹ ਹੈ |
ਇਹ ਵਿਰੋਧੀਆਂ ਦੇ ਹੱਥਾਂ ਵਿੱਚ ਖੇਡਦੇ ਹੋਏ ਕਦੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੀਬੀਆਂ ਦੇ ਕੀਰਤਨ ਕਰਨ ਦੀ ਆੜ ਵਿੱਚ, ਕਦੀ ਦਸਮ ਗ੍ਰੰਥ ਦਾ ਵਿਰੋਧ, ਕਦੀ ਪੁਰਾਤਨ ਟਕਸਾਲਾਂ, ਸੰਪਰਦਾਵਾਂ ਦਾ ਵਿਰੋਧ, ਕਦੀ ਪਵਿੱਤਰ ਸਰੋਵਰਾਂ ਬਾਰੇ ਮਾੜੀ ਸ਼ਬਦਾਵਲੀ ਵਰਤਦੇ ਹਨ, ਕਦੇ ਪੰਥ ਦੇ ਸਤਿਕਾਰਿਤ ਜਥੇਦਾਰਾਂ ਅਤੇ ਸਿੰਘ ਸਾਹਿਬਾਨਾਂ ਦਾ ਵਿਰੋਧ ਅਤੇ ਹੋਰ ਵੀ ਅਣਗਿਣਤ ਤਰੀਕਿਆਂ ਨਾਲ ਸਿੱਖ ਪੰਥ ਦਾ ਨੁਕਸਾਨ ਕਰ ਰਹੇ ਹਨ |
ਆਮ ਸਿੱਖ ਜੋ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਦੇ ਆਹਰ ਵਿੱਚ ਆਪਣੇ ਸੁਨਹਿਰੀ ਇਤਿਹਾਸ ਅਤੇ ਗੁਰਬਾਣੀ ਦੀ ਖੋਜ ਕਰਨ ਲਈ ਸਮਾਂ ਨਹੀਂ ਕੱਢ ਪਾਉਂਦਾ, ਅਜਿਹੇ ਸ਼ਰਾਰਤੀ ਲੋਕਾਂ ਦੀਆਂ ਸ਼ਰਾਰਤਾਂ ਦਾ ਸ਼ਿਕਾਰ ਹੋ ਜਾਂਦਾ ਹੈ |
ਇਨ੍ਹਾਂ ਲੋਕਾਂ ਵੱਲੋਂ ਔਰਤਾਂ ਦੇ ਹੱਕਾਂ ਦਾ ਨਾਹਰਾ ਦੇ ਕੇ ਆਮ ਸਿੱਖਾਂ ਨੂੰ ਜਜਬਾਤੀ ਕਰ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਜਜਬਾਤਾਂ, ਭਾਵਨਾਵਾਂ ਨੂੰ ਸਿੱਖ ਧਰਮ ਦੇ ਹੀ ਵਿਰੁੱਧ ਵਰਤ ਕੇ ਸਿੱਖਾਂ ਅੰਦਰ ਪਾੜ ਪਾਉਣ ਦਾ ਘਿਨਾਉਣਾ ਪਾਪ ਕੀਤਾ ਜਾ ਰਿਹਾ ਹੈ |
ਜਦੋਂ ਤੱਕ ਆਮ ਸਿੱਖ ਸੰਗਤਾਂ ਅਜਿਹੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਪਹਿਚਾਣ ਕੇ ਨਕਾਰਦੀ ਨਹੀਂ ਉਦੋਂ ਤੱਕ ਇਹ ਲੋਕ ਆਪਣੀਆਂ ਘਿਨਾਉਣੀਆਂ ਚਾਲਾਂ ਵਿੱਚ ਕਿਸੇ ਹੱਦ ਤੱਕ ਕਾਮਯਾਬ ਹੁੰਦੇ ਰਹਿਣਗੇ |
ਔਰਤਾਂ ਦੇ ਹੱਕਾਂ ਦੀ ਰਾਖੀ ਜਾਂ ਬਰਾਬਰੀ ਦਾ ਨਾਹਰਾ ਦੇਣ ਵਾਲੇ ਇਹ ਲੋਕ ਸਿੱਖ ਧਰਮ ਦੇ ਇਤਿਹਾਸ ਨੂੰ ਜਾਣਦੇ ਹੀ ਨਹੀਂ ਹਨ | ਗੁਰੂ ਨਾਨਕ ਦੇਵ ਜੀ ਅਤੇ ਬਾਕੀ ਨੌਂ ਗੁਰੂ ਸਾਹਿਬਾਨਾਂ ਨੇ ਤਕਰੀਬਨ 200 ਸਾਲ ਤੋਂ ਵੱਧ ਦੇ ਸਮੇਂ ਵਿੱਚ ਔਰਤਾਂ ਦੇ ਹੱਕਾਂ ਲਈ ਅਣਗਿਣਤ ਠੋਸ ਕਾਰਜ ਕੀਤੇ ਅਤੇ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਉਂਦਿਆਂ ਫੁਰਮਾਇਆ ...
"ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ||"
ਜਿਸ ਸਮੇਂ ਗੁਰੂ ਸਾਹਿਬਾਨ ਮਨੁੱਖੀ ਅਧਿਕਾਰਾਂ, ਔਰਤਾਂ ਦੇ ਹੱਕਾਂ ਅਤੇ ਗਰੀਬ ਮਜਲੂਮਾਂ ਦੇ ਹੱਕਾਂ ਲਈ ਸਮੇਂ ਦੀਆਂ ਸਰਕਾਰਾਂ ਨਾਲ ਟੱਕਰ ਲੈ ਰਹੇ ਸਨ ਬਿਲਕੁਲ ਉਸ ਸਮੇਂ ਵਿੱਚ ਇਨ੍ਹਾਂ ਪੱਛਮੀ ਦੇਸ਼ਾਂ ਦੇ ਬੁਧੀਜੀਵੀਆਂ, ਰਾਜਨੀਤਕ ਜਾਂ ਧਾਰਮਿਕ ਲੀਡਰਾਂ ਵੱਲੋਂ ਔਰਤਾਂ ਦੇ ਹੱਕਾਂ ਲਈ ਕੋਈ ਵੀ ਠੋਸ ਕਦਮ ਚੁੱਕਿਆ ਨਹੀਂ ਸੀ ਜਾ ਰਿਹਾ ਜਿਸ ਨਾਲ ਔਰਤਾਂ ਆਪਣੇ ਆਪ ਨੂੰ ਇਸ ਮਰਦ ਪ੍ਰਧਾਨ ਸਮਾਜ ਵਿੱਚ ਪੂਰੀ ਤਰਾਂ ਸੁਰੱਖਿਅਤ ਅਤੇ ਆਜ਼ਾਦ ਸਮਝ ਸਕਣ | ਇਹ ਪੱਛਮੀ ਦੇਸ਼ਾਂ ਦਾ ਇਤਿਹਾਸ ਦੱਸਦਾ ਹੈ |
ਪਰ ਇਹ ਪੰਥ ਦੋਖੀ ਸਿੱਖ ਧਰਮ ਦਾ ਸੁਨਹਿਰੀ ਇਤਿਹਾਸ ਜਾਣਬੁੱਝ ਕੇ ਸੰਗਤਾਂ ਨੂੰ ਨਹੀਂ ਦੱਸਦੇ ਤੇ ਜੇਕਰ ਦੱਸਣਾ ਪੈ ਵੀ ਜਾਵੇ ਤਾਂ ਇਸ ਤਰੀਕੇ ਨਾਲ ਦੱਸਣਗੇ ਕਿ ਇਹ ਤਾਂ ਕੋਈ ਖਾਸ ਜਾਂ ਵੱਡੀ ਗੱਲ ਗੁਰੂ ਸਾਹਿਬਾਨਾਂ ਨੇ ਨਹੀਂ ਕੀਤੀ | ਗੁਰਬਾਣੀ ਵਿੱਚ ਅਜਿਹਾ ਕਰਨ ਵਾਲਿਆਂ ਨੂੰ ਨਾਂਸ਼ੁਕਰੇ ਜਾਂ ਅਕਿਰਤਘਣ ਕਿਹਾ ਗਿਆ ਹੈ |
ਇਹ ਸਿੱਖ ਸੰਗਤ ਨੂੰ ਸਮਝਣਾ ਪਵੇਗਾ ਕਿ ਉਨ੍ਹਾਂ ਨੇ ਗੁਰਬਾਣੀ ਦੇ ਮਹਾਵਾਕਾਂ ਨੂੰ ਮੰਨਕੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ ਜਾਂ ਇਨ੍ਹਾਂ ਅਕ੍ਰਿਤਘਣਾਂ ਦੇ ਮਗਰ ਲੱਗ ਕੇ ਗੁਰੂ ਘਰ ਦੇ ਦੋਖੀ ਬਣਨਾ ਹੈ |
ਇਨ੍ਹਾਂ ਸ਼ਰਾਰਤੀ ਲੋਕਾਂ ਦੀਆਂ ਚਲਾਕੀਆਂ ਨੂੰ ਸਮਝਣ ਅਤੇ ਬਚਣ ਲਈ ਕੁਝ ਮੁਢਲੀਆਂ ਗੱਲਾਂ ਨੂੰ ਸਮਝਣਾ ਹਰ ਸਿੱਖ ਲਈ ਜਰੂਰੀ ਹੈ |
ਪਰਮਾਤਮਾ ਨੇ ਔਰਤ ਅਤੇ ਮਰਦ ਦੋਹਾਂ ਨੂੰ ਇੱਕ ਦੂਜੇ ਦੇ ਪੂਰਕ ਬਣਾਇਆ ਹੈ | ਇਕੱਲਾ ਮਰਦ ਜਾਂ ਔਰਤ ਇਸ ਸੰਸਾਰ ਦੀ ਮਰਿਯਾਦਾ ਨੂੰ ਨਹੀਂ ਨਿਭਾ ਸਕਦੇ |
ਪਰਮਾਤਮਾ ਨੇ ਦੋਹਾਂ ਦੇ ਸਰੀਰ ਦੀ ਬਣਤਰ ਵੀ ਅੱਡੋ ਅੱਡ ਬਣਾਈ ਹੈ | ਦੋਹਾਂ ਦੇ ਫਰਜ਼ ਆਪੋ ਆਪਣੇ ਹਨ | ਮਾਂ ਦਾ ਫਰਜ਼ ਅਤੇ ਜਿੰਮੇਵਾਰੀ ਉਹੀ ਨਿਭਾ ਸਕਦੀ ਹੈ | ਉਸ ਦੀ ਜਗ੍ਹਾ ਪਿਉ ਨਹੀਂ ਲੈ ਸਕਦਾ |
ਧਾਰਮਿਕ ਅਤੇ ਸਮਾਜਿਕ ਪੱਖੋਂ ਜਿੰਨਾ ਸਤਿਕਾਰ, ਆਜ਼ਾਦੀ ਅਤੇ ਬਰਾਬਰਤਾ ਸਿੱਖ ਧਰਮ ਵਿੱਚ ਔਰਤ ਨੂੰ ਮਿਲੀ ਹੈ ਸ਼ਾਇਦ ਹੀ ਕਿਸੇ ਹੋਰ ਧਰਮ ਵਿੱਚ ਮਿਲੀ ਹੋਵੇ |
10 ਗੁਰੂ ਸਾਹਿਬਾਨ ਮਰਦ ਸਨ ਕੋਈ ਔਰਤ ਨਹੀਂ | ਪਰ ਗੁਰੂਆਂ ਦੀ ਜਨਮ ਦਾਤੀ ਔਰਤ ਹੈ | ਇਸ ਕਰਕੇ ਔਰਤ ਦਾ ਰੁਤਬਾ ਗੁਰਬਾਣੀ ਵਿੱਚ ਉਚਾ ਦੱਸਿਆ ਹੈ |
ਪੰਜ ਪਿਆਰੇ ਵੀ ਮਰਦ ਸਨ | (ਨੋਟ: ਇਤਿਹਾਸ ਗਵਾਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜਣ ਵੇਲੇ ਜਦੋਂ ਸੀਸ ਦੀ ਮੰਗ ਕੀਤੀ ਸੀ ਉਸ ਸਮੇਂ ਇਹ ਨਹੀਂ ਸੀ ਕਿਹਾ ਕਿ ਮੈਨੂੰ ਮਰਦ ਦਾ ਹੀ ਸੀਸ ਚਾਹੀਦਾ ਹੈ | ਉਸ ਵੇਲੇ ਕੋਈ ਵੀ ਔਰਤ ਸੀਸ ਦੇਣ ਲਈ ਅੱਗੇ ਨਹੀਂ ਆਈ ਸੀ | ਪਰ ਇਸਦਾ ਮਤਲਬ ਇਹ ਨਹੀਂ ਕਿ ਸਿੱਖਾਂ ਨੇ ਔਰਤਾਂ ਨੂੰ ਆਪਣੇ ਨਾਲੋਂ ਨੀਵਾਂ ਸਮਝਣਾ ਹੈ ਬਲਕਿ ਇਹ ਭਾਵਨਾ ਰੱਖਣੀ ਹੈ ਕਿ ਅਕਾਲ ਪੁਰਖ ਨੇ ਜਿਸ ਕੋਲੋਂ ਜੋ ਸੇਵਾ ਲੈਣੀ ਸੀ ਲੈ ਲਈ ਅਤੇ ਸੇਵਾ ਲੈ ਰਿਹਾ ਹੈ | ਇਸ ਲਈ ਦੋਹਾਂ ਨੇ ਹਮੇਸ਼ਾਂ ਪਰਮਾਤਮਾ ਦਾ ਧੰਨਵਾਦ ਹੀ ਕਰਨਾ ਹੈ |)
40 ਮੁਕਤਿਆਂ ਵਿੱਚ ਕੋਈ ਔਰਤ ਨਹੀਂ ਸੀ ਪਰ ਉਨ੍ਹਾਂ ਚਾਲੀਆਂ ਨੂੰ ਮਹਾਨ ਬਣਾਉਣ ਵਾਲੀ ਮਾਤਾ ਭਾਗ ਕੌਰ ( ਮਾਤਾ ਭਾਗੋ ) ਸੀ |
ਖੰਡੇ ਬਾਟੇ ਦੀ ਪਾਹੁਲ ਭਾਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਪਹਿਲਾਂ ਤਿਆਰ ਕੀਤੀ ਪਰ ਉਸ ਅੰਮ੍ਰਿਤ ਵਿੱਚ ਪਤਾਸੇ ਪਾਕੇ ਮਿਠਾਸ ਭਰਨ ਵਾਲੀ ਔਰਤ ਸੀ |
ਗੁਰੂ ਸਾਹਿਬ ਨੇ ਮਾਤਾ ਸਾਹਿਬ ਦੇਵਾਂ ਕੌਰ ਜੀ ਦੀ ਝੋਲੀ ਵਿੱਚ ਪੂਰਾ ਖਾਲਸਾ ਪੰਥ ਪਾ ਦਿੱਤਾ |
ਇਸੀ ਤਰਾਂ ਇਹ ਇੱਕ ਆਦਿ ਕਾਲ ਤੋਂ ਹੀ ਮਰਿਯਾਦਾ ਬਣੀ ਆਈ ਹੈ ਕੇ ਜਿਸ ਦੀ ਪਰਮਾਤਮਾ ਨੇ ਜੋ ਡਿਊਟੀ ਲਗਾਈ ਹੈ ਉਸ ਨੂੰ ਹੀ ਪੂਰੀ ਕਰਨੀ ਪੈਂਦੀ ਹੈ |
ਜੇਕਰ ਗੁਰੂ ਸਾਹਿਬ ਚਾਹੁੰਦੇ ਤਾਂ ਦਰਬਾਰ ਸਾਹਿਬ ਦੀ ਮਰਿਯਾਦਾ ਬਣਾਉਣ ਵੇਲੇ ਬੀਬੀਆਂ ਨੂੰ ਵੀ ਸ਼ਾਮਿਲ ਕਰ ਸਕਦੇ ਸਨ ਪਰ ਨਹੀਂ ਕੀਤਾ |
ਦਸੇ ਗੁਰੂ ਸਾਹਿਬਾਨ ਨੇ ਆਪ ਮਰਿਯਾਦਾ ਤੇ ਪਹਿਰਾ ਦਿੱਤਾ ਅਤੇ ਸਿੱਖਾਂ ਨੂੰ ਆਪ ਪੂਰਨੇ ਪਾਕੇ ਦੱਸਿਆ ਕਿ ਮਰਿਯਾਦਾ ਤੇ ਪਹਿਰਾ ਕਿਵੇਂ ਦੇਣਾ ਹੈ, ਸ਼ਹੀਦੀ ਕਿਵੇਂ ਦੇਣੀ ਹੈ, ਲੋੜ ਪੈਣ ਤੇ ਪਰਿਵਾਰ ਕਿਵੇਂ ਵਰਨਾ ਹੈ, ਕੁਰਬਾਨੀ ਕਿਵੇਂ ਦੇਣੀ ਹੈ, ਜ਼ਾਲਮਾਂ ਨੂੰ ਸਜਾ ਕਿਵੇਂ ਦੇਣੀ ਹੈ, ਮਜਲੂਮਾਂ ਦੀ ਰਾਖੀ ਕਿਵੇਂ ਕਰਨੀ ਹੈ, ਨਾਮ ਕਿਵੇਂ ਜਪਣਾ ਹੈ, ਧਰਮ ਦਾ ਪ੍ਰਚਾਰ ਕਿਵੇਂ ਕਰਨਾ ਹੈ ਆਦਿਕ, ਪਰ ਅੱਜ ਇਨ੍ਹਾਂ ਦੋਖੀਆਂ ਮਗਰ ਲੱਗਕੇ ਸਿੱਖ ਹੀ ਸਿੱਖੀ ਨੂੰ ਢਾਹ ਲਗਾ ਰਹੇ ਹਨ |
ਜੋ ਮਰਿਯਾਦਾ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਮਾਹਰਾਜ ਨੇ ਅਤੇ ਉਨ੍ਹਾਂ ਦੇ ਦੇਖਰੇਖ ਵਿੱਚ ਮੁਖੀ ਸਿੱਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਤ ਕੀਤੀ ਸੀ ਉਸ ਉੱਪਰ ਸਾਰੇ ਪੁਰਾਤਨ ਗੁਰਸਿਖਾਂ ਨੇ ਮੰਨਿਆ ਅਤੇ ਉਸ ਤੇ ਪਹਿਰਾ ਦਿੱਤਾ | ਉਨ੍ਹਾਂ ਗੁਰਸਿਖਾਂ ਵਿੱਚ ਔਰਤਾਂ ਵੀ ਸਨ ਅਤੇ ਮਰਦ ਵੀ ਸਨ |
ਜੇਕਰ ਅਸੀਂ ਸਦੀਆਂ ਤੋਂ ਚੱਲਦੀ ਆ ਰਹੀ ਉਸ ਮਰਿਯਾਦਾ ਤੇ ਨਹੀਂ ਚੱਲਦੇ ਜਾਂ ਆਪਣੀ ਸਹੂਲਤ ਅਨੁਸਾਰ ਉਸਨੂੰ ਬਦਲਣ ਦਾ ਯਤਨ ਕਰਦੇ ਹਾਂ, ਜਾਂ ਕਿਸੇ ਪ੍ਰਕਾਰ ਦਾ ਕਿੰਤੂ ਪ੍ਰੰਤੂ ਕਰਦੇ ਹਾਂ ਤਾਂ ਇਹ ਸਮਝ ਲਵੋ ਕਿ ਅਸੀਂ ਸਿਰਫ ਮਰਿਯਾਦਾ ਤੇ ਹੀ ਨਹੀਂ ਬਲਕਿ ਉਸ ਮਰਿਯਾਦਾ ਨੂੰ ਬਣਾਉਣ ਅਤੇ ਸਥਾਪਿਤ ਕਰਨ ਵਾਲਿਆਂ ਤੇ ਵੀ ਉਂਗਲ ਚੁੱਕਣ ਦਾ ਅਪਰਾਧ ਕਰ ਰਹੇ ਹਾਂ |
ਭੁੱਲ ਜਾਂ ਗਲਤੀ ਲਈ ਤਾਂ ਮਾਫੀ ਮਿਲ ਸਕਦੀ ਹੈ ਪਰ ਅਪਰਾਧ ਲਈ ਸਜਾ ਹੀ ਮਿਲਦੀ ਹੈ | ਇਹ ਸ਼ਰਾਰਤੀ ਲੋਕ ਆਪ ਤਾਂ ਸਜਾ ਭੁਗਤਣਗੇ ਹੀ ਨਾਲ ਤੁਹਾਨੂੰ ਵੀ ਗੁਰੂ ਘਰ ਦੇ ਦੋਖੀ ਬਣਾਕੇ ਆਪਣੇ ਨਾਲ ਸਜਾ ਦੇ ਭਾਗੀ ਬਣਾਉਣਗੇ | ਇਸ ਲਈ ਸਮਾਂ ਰਹਿੰਦੇ ਸੰਭਲ ਜਾਣਾ ਚਾਹੀਦਾ ਹੈ |
ਭੁੱਲ ਚੁੱਕ ਲਈ ਮਾਫੀ ਦੇਣਾ ਜੀ ਪਰ ਇੱਕ ਵਾਰ ਇਮਾਨਦਾਰੀ ਨਾਲ ਵਿਚਾਰ ਜਰੂਰ ਕਰਨਾ ਜੀ |
ਧੰਨਵਾਦ
ਅਰਵਿੰਦਰ ਸਿੰਘ ਯੂ ਕੇ
ਅਰਵਿੰਦਰ ਸਿੰਘ ਯੂ ਕੇ
Comments
Post a Comment