ਮਨ ਵੱਸ ਵਿੱਚ ਕਿਵੇਂ ਆਵੇ

 ਸਵਾਲ = ਮਨ ਵੱਸ ਵਿੱਚ ਕਿਵੇਂ ਆਵੇ 


ਜਵਾਬ = 

ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥  ਧਾਵਤ ਪੰਚ ਰਹੇ ਹਰਿ ਧਿਆਇਆ ॥ ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥  ਅੰਗ 165

ਜਦੋਂ (ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ (ਇਸ ਦਾ) ਮਨ ਵੱਸ ਵਿਚ ਆ ਜਾਂਦਾ ਹੈ।

ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰਦਿਆਂ ਮਨੁੱਖ ਦੇ ਪੰਜੇ ਗਿਆਨ-ਇੰਦ੍ਰੇ ਵਿਕਾਰਾਂ ਵਲ ਦੌੜਨੋਂ ਰਹਿ ਜਾਂਦੇ ਹਨ, ਤੇ ਸਰੀਰ ਦਾ ਮਾਲਕ ਜੀਵਾਤਮਾ ਹਰ ਰੋਜ਼ ਪਰਮਾਤਮਾ ਦੇ ਗੁਣ ਗਾਂਦਾ ਹੈ ॥੨॥


ਮਨੁ ਪਰਬੋਧਹੁ ਹਰਿ ਕੈ ਨਾਇ ॥  ਦਹ ਦਿਸਿ ਧਾਵਤ ਆਵੈ ਠਾਇ ॥ ਅੰਗ 288

ਆਪਣੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜਗਾਉ,

ਨਾਮ ਦੀ ਬਰਕਤਿ ਨਾਲ ਦਸੀਂ ਪਾਸੀਂ ਦੌੜਦਾ ਇਹ ਮਨ ਟਿਕਾਣੇ ਆ ਜਾਂਦਾ ਹੈ।


ਇਹੁ ਮਨੂਆ ਕਿਉ ਕਰਿ ਵਸਿ ਆਵੈ ॥  

ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥  ਅੰਗ 426

ਇਹ ਮਨ ਕਿਸ ਤਰ੍ਹਾਂ ਕਾਬੂ ਵਿਚ ਆਉਂਦਾ ਹੈ?

ਗੁਰੂ ਦੀ ਕਿਰਪਾ ਨਾਲ ਹੀ ਮਨ (ਵਿਕਾਰਾਂ ਵਲੋਂ) ਰੋਕਿਆ ਜਾ ਸਕਦਾ ਹੈ ਤੇ ਗੁਰੂ ਦੇ ਬਖ਼ਸ਼ੇ ਹੋਏ ਗਿਆਨ ਦੀ ਮੱਤ ਦੇ ਆਸਰੇ ਹੀ ਇਹ ਅੰਤਰ ਆਤਮੇ ਆ ਟਿਕਦਾ ਹੈ ॥੧॥


ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥  

ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥੧॥  ਅੰਗ 558

ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਹੀ ਗੁਰੂ ਦੀ ਸਰਨ ਪੈ ਸਕੀਦਾ ਹੈ, ਮੇਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦੀ ਸੇਵਾ-ਭਗਤੀ ਹੋ ਸਕਦੀ ਹੈ।

ਮੇਹਰ ਦੀ ਨਿਗਾਹ ਨਾਲ ਹੀ ਇਹ ਮਨ ਕਾਬੂ ਵਿਚ ਆਉਂਦਾ ਹੈ, ਤੇ, ਪਵਿਤ੍ਰ ਹੋ ਜਾਂਦਾ ਹੈ ॥੧॥


 ਇਥੇ ਸਵਾਲ ਉਠਦਾ ਹੈ ਕਿ ਜਦੋਂ  ਮਨ ਪਰਮਾਤਮਾ ਦੀ ਨਦਰਿ, ਕਿਰਪਾ, ਬਖਸ਼ਿਸ਼ ਨਾਲ ਹੀ ਵੱਸ ਵਿੱਚ ਆ ਸਕਦਾ ਹੈ ਫਿਰ ਅਸੀਂ ਕੀ ਕਰ ਸਕਦੇ ਹਾਂ, ਜਦੋਂ ਉਹ ਕਿਰਪਾ ਕਰੇਗਾ ਮਨ ਆਪੇ ਵੱਸ ਵਿੱਚ ਆ ਜਾਵੇਗਾ ਅਸਾਡੇ ਹੱਥ ਵਿੱਚ ਤਾਂ ਕੁਝ ਵੀ ਨਹੀਂ ਹੈ | 

ਇਸ ਦਾ ਜਵਾਬ ਇਹ ਹੈ ਕਿ .... ਬਖਸ਼ਿਸ਼, ਕਿਰਪਾ ਲੈਣ ਲਈ ਉੱਦਮ ਕਰਨਾ ਪੈਂਦਾ ਹੈ | ਬਖਸ਼ਿਸ਼ ਦੇ ਪਾਤਰ ਬਣਨਾ ਪੈਂਦਾ ਹੈ | ਤਾਂ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ 

ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ || 

ਹੇ ਸਿੱਖਾ ਤੂੰ ਗੁਰੂ ਵੱਲ ਜੇਕਰ ਇੱਕ ਕਦਮ ਵੀ ਤੁਰੇਂਗਾ ਤਾਂ ਗੁਰੂ ਤੈਨੂੰ ਕਰੋੜਾਂ ਕਦਮ ਅੱਗੇ ਆਕੇ ਮਿਲੇਗਾ | 

ਪਰ ਜੇਕਰ ਸਿੱਖ ਗੁਰੂ ਵੱਲ ਗੁਰੂ ਦੇ ਦੱਸੇ ਮਾਰਗ ਤੇ ਤੁਰੇ ਹੀ ਨਾਂ ਤਾਂ ਗੁਰਕਿਰਪਾ ਦਾ ਪਾਤਰ ਕਿਵੇਂ ਬਣੇਗਾ | 

ਗੁਰੂ ਕਿਰਪਾ ਦੇ ਪਾਤਰ ਬਣਨ ਲਈ ਅਰਦਾਸ ਬਹੁਤ ਜਰੂਰੀ ਹੈ | ਮਨ ਟਿਕੇ ਜਾਂ ਨਾਂ ਟਿਕੇ, ਗੁਰੂ ਕਾ ਸਿੱਖ ਗੁਰਬਾਣੀ ਦਾ ਪਾਠ, ਮੂਲ ਮੰਤਰ, ਗੁਰਮੰਤਰ ਦਾ ਜਾਪੁ, ਕੀਰਤਨ ਕਰਨਾ ਜਾਂ ਸੁਣਨਾ ਕਰੇ |  ਤਨ,ਮਨ,ਧਨ ਕਰਕੇ ਗੁਰੂ ਘਰ ਦੀ ਸੇਵਾ ਕਰੇ, ਲੋੜਵੰਦਾਂ ਦੀ ਮਦਦ ਕਰੇ | ਇਹ ਸਾਰੇ ਕਰਮ ਗੁਰੂ ਕਿਰਪਾ ਦੇ ਪਾਤਰ ਬਣਨ ਲਈ ਕਰਨੇ ਅਤਿ ਜਰੂਰੀ ਹਨ | ਇਹ ਸਾਰੇ ਕਰਮ ਕਰਨ ਦਾ ਉਪਦੇਸ਼ ਦਸੇ ਗੁਰੂ ਸਾਹਿਬਾਨ ਗੁਰਬਾਣੀ ਰਾਂਹੀ ਕਰਦੇ ਹਨ | 


ਅਰਵਿੰਦਰ ਸਿੰਘ ਯੂ ਕੇ 

Comments

Popular posts from this blog

Flags and Bungas

ਅਰਦਾਸ ਦਾ ਖਤਰਾ

ਕਲਮ ਤੋਂ ਬੰਦੂਕ ਤੱਕ: ਸਾਡਾ ਜ਼ਮੀਰ ਕਿੱਥੇ ਗਿਆ ?